ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਦਿੱਲੀ ਪੁਲੀਸ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵਿਦੇਸ਼ੀ ਨਾਗਰਿਕਾਂ ਨਾਲ ਠੱਗੀ ਕਰਨ ਵਾਲੇ ਇਰਾਨੀ ਬੰਟੀ-ਬਬਲੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਈਰਾਨੀ ਜੋੜਾ ਵਿਦੇਸ਼ੀ ਨਾਗਰਿਕਾਂ ਨਾਲ ਠੱਗੀ ਮਾਰਦਾ ਸੀ ਅਤੇ ਉਨ੍ਹਾਂ ਤੋਂ ਪੈਸੇ ਵਸੂਲਦਾ ਸੀ ਅਤੇ ਫਿਰ ਹਵਾਈ ਅੱਡੇ ਦੀ ਭੀੜ ਵਿੱਚ ਆਸਾਨੀ ਨਾਲ ਬਚ ਜਾਂਦਾ ਸੀ। ਪੁਲੀਸ ਨੇ ਇਰਾਨ ਦੀ ਫਾਤਿਮਾ ਅਕਬਰੀ (52) ਨੂੰ ਗ੍ਰਿਫ਼ਤਾਰ ਕੀਤਾ ਹੈ ਪਰ ਉਸ ਦਾ ਪਤੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਈਰਾਨੀ ਜੋੜੇ ਨੇ ਇੱਕ ਅਮਰੀਕੀ ਨਾਗਰਿਕ ਨਾਲ 700 ਡਾਲਰ ਦੀ ਠੱਗੀ ਮਾਰੀ ਸੀ, ਜੋ ਕਿ ਭਾਰਤੀ ਕਰੰਸੀ ਵਿੱਚ ਲਗਪਗ 58,000 ਰੁਪਏ ਹੈ।
ਅਮਰੀਕੀ ਨਾਗਰਿਕ ਸ਼ਿਕਾਇਤਕਰਤਾ ਬਲਦੇਵ ਸਿੰਘ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਟਾਂਡਾ ਦਾ ਰਹਿਣ ਵਾਲਾ ਹੈ। ਉਸ ਨੇ ਦੋਸ਼ ਲਗਾਇਆ ਕਿ 20 ਜੂਨ ਨੂੰ ਰਾਤ 10.45 ਵਜੇ ਦੇ ਕਰੀਬ ਡਿਪਾਰਚਰ ਗੇਟ ਨੰਬਰ 7 ਦੇ ਨੇੜੇ ਸਾਮਾਨ ਉਤਾਰਦੇ ਸਮੇਂ, ਇੱਕ ਬੱਚੇ ਦੇ ਨਾਲ ਕੁਝ ਈਰਾਨੀ ਨਾਗਰਿਕਾਂ ਨੇ ਉਸ ਕੋਲ ਪਹੁੰਚ ਕੀਤੀ। ਜੋੜੇ ਨੇ ਗੱਲਬਾਤ ਸ਼ੁਰੂ ਕੀਤੀ ਅਤੇ ਆਪਣੇ ਬੱਚੇ ਨੂੰ ਦਿਖਾਉਣ ਲਈ ਆਪਣੀ ਭਾਰਤੀ ਕਰੰਸੀ ਦੇਖਣ ਲਈ ਕਿਹਾ। ਸਿੰਘ ਨੇ ਉਨ੍ਹਾਂ ਨੂੰ 50 ਦਾ ਨੋਟ ਦਿੱਤਾ। ਫਿਰ ਉਨ੍ਹਾਂ ਨੇ ਆਪਣੇ ਅਮਰੀਕੀ ਡਾਲਰ ਦੇਖਣ ਲਈ ਕਿਹਾ। ਬਲਦੇਵ ਸਿੰਘ ਨੇ ਉਨ੍ਹਾਂ ਨੂੰ ਆਪਣੇ ਸਾਈਡ ਬੈਗ ਵਿੱਚੋਂ ਨੌਂ 100 ਡਾਲਰ ਦੇ ਨੋਟ ਦਿਖਾਏ। ਜੋੜੇ ਨੇ ਨੋਟ ਲਏ, ਬੱਚੇ ਨੂੰ ਦਿਖਾਏ ਅਤੇ ਉਨ੍ਹਾਂ ਨੂੰ ਵਾਪਸ ਕਰ ਦਿੱਤੇ। ਹਾਲਾਂਕਿ ਬਾਅਦ ਵਿੱਚ ਜਾਂਚ ਕਰਨ ’ਤੇ, ਸਿੰਘ ਨੇ ਪਾਇਆ ਕਿ ਅਸਲ ਅਮਰੀਕੀ ਕਰੰਸੀ ਧੋਖੇ ਨਾਲ ਨਕਲੀ ਨਾਲ ਬਦਲ ਦਿੱਤੀ ਗਈ ਸੀ।