ਸੰਯੁਕਤ ਕਿਸਾਨ ਮੋਰਚੇ ਵੱਲੋਂ ਭਲਕ ਦੀ ਮਹਾਪੰਚਾਇਤ ਲਈ ਸੱਦਾ
ਜਬਰੀ ਜ਼ਮੀਨਾਂ ਐਕੁਆਇਰ ਕਰਨ ਤੇ ਕਿਸਾਨਾਂ ਨੂੰ ਘੱਟ ਮੁਆਵਜ਼ਾ ਰਾਸ਼ੀ ਦੇਣ ਦਾ ਕੀਤਾ ਜਾਵੇਗਾ ਵਿਰੋਧ
ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ 6 ਨਵੰਬਰ ਨੂੰ ਆਈਐੱਮਟੀ ਸੋਹਨਾ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਮੋਰਚੇ ਨੇ ਇਕ ਬਿਆਨ ਵਿੱਚ ਕਿਹਾ ਕਿ ਸਾਰੇ ਕਿਸਾਨ ਸੰਗਠਨਾਂ ਅਤੇ ਕਿਸਾਨਾਂ ਨੂੰ 6 ਨਵੰਬਰ ਨੂੰ ਮੇਵਾਤ ਜ਼ਿਲ੍ਹੇ ਦੇ ਨੂਹ ਵਿੱਚ ਆਈਐੱਮਟੀ ਸੋਹਨਾ ਵਿਖੇ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ, ਤਾਂ ਜੋ ਕਿਸਾਨਾਂ ਦੀ ਜਬਰੀ ਜ਼ਮੀਨ ਐਕੁਆਇਰ ਕਰਨ ਦਾ ਵਿਰੋਧ ਕੀਤਾ ਜਾ ਸਕੇ।
ਪ੍ਰਭਾਵਿਤ ਪਿੰਡਾਂ ਦੇ ਕਿਸਾਨ ਪਿਛਲੇ 13 ਸਾਲਾਂ ਤੋਂ ਧੱਕੇ ਨਾਲ ਜ਼ਮੀਨ ਐਕੁਆਇਰ ਕਰਨ ਖਿਲਾਫ਼ ਲੜ ਰਹੇ ਹਨ। ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਹਰਿਆਣਾ ਰਾਜ ਉਦਯੋਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ (ਐੱਚਐੱਸਆਈਆਈਡੀਸੀ) ਨੇ 2010-12 ਦੌਰਾਨ ਨੂਹ ਜ਼ਿਲ੍ਹੇ ਵਿੱਚ ਸੋਹਨਾ ਅਤੇ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ਵਿਚਾਲੇ ਨੌਂ ਪਿੰਡਾਂ ਵਿੱਚ ਕਰੀਬ 1,500 ਏਕੜ ਜ਼ਮੀਨ ਗ੍ਰਹਿਣ ਕੀਤੀ ਸੀ। ਵਿਵਾਦ ਦਾ ਮੁੱਖ ਕਾਰਨ ਸਰਕਾਰੀ ਮੁਆਵਜ਼ਾ ਦਰ ਅਤੇ ਜ਼ਮੀਨ ਦੇ ਅਸਲ ਬਾਜ਼ਾਰ ਮੁੱਲ ਵਿੱਚ ਵੱਡਾ ਫ਼ਰਕ ਹੈ।

