ਜਾਂਚ ਏਜੰਸੀਆਂ ਵੱਲੋਂ ‘ਆਪ’ ਆਗੂਆਂ ਖ਼ਿਲਾਫ਼ 200 ਤੋਂ ਵੱਧ ਮਾਮਲੇ ਦਰਜ: ਆਤਿਸ਼ੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੂਨ
ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਦਾ ਦੋਸ਼ ਲਾਉਂਦਿਆਂ ਭਾਜਪਾ ’ਤੇ ਤਿੱਖਾ ਹਮਲਾ ਕੀਤਾ ਹੈ। ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਕਿਹਾ ਕਿ ਭਾਜਪਾ ਦੀ ਚਾਰ-ਇੰਜਣ ਵਾਲੀ ਸਰਕਾਰ ਦਿੱਲੀ ਵਿੱਚ ਹਰ ਮੋਰਚੇ ’ਤੇ ਅਸਫਲ ਰਹੀ ਹੈ। ਇਸ ਲਈ ਲੋਕਾਂ ਦਾ ਧਿਆਨ ਭਟਕਾਉਣ ਲਈ ਉਹ ‘ਆਪ’ ਆਗੂਆਂ ਵਿਰੁੱਧ ਝੂਠੇ ਮਾਮਲੇ ਦਰਜ ਕਰਕੇ ਉਨ੍ਹਾਂ ਦੀ ਜਾਂਚ ਕਰਨ ਦਾ ਡਰਾਮਾ ਕਰ ਰਹੀ ਹੈ। ਭਾਜਪਾ ਦਿੱਲੀ ਸਰਕਾਰ ਚਲਾਉਣ ਦੇ ਯੋਗ ਨਹੀਂ ਹੈ, ਜਿਸ ਕਾਰਨ ਦਿੱਲੀ ਵਾਸੀ ਬਿਜਲੀ ਕੱਟਾਂ, ਮਹਿੰਗੀ ਬਿਜਲੀ, ਪਾਣੀ ਦੀ ਕਮੀ ਅਤੇ ਪਾਣੀ ਭਰਨ ਤੋਂ ਪ੍ਰੇਸ਼ਾਨ ਹਨ। ਪਿਛਲੇ 10 ਸਾਲਾਂ ਵਿੱਚ, ਭਾਜਪਾ ਦੀਆਂ ਜਾਂਚ ਏਜੰਸੀਆਂ ਨੇ ‘ਆਪ’ ਆਗੂਆਂ ਵਿਰੁੱਧ 200 ਤੋਂ ਵੱਧ ਮਾਮਲੇ ਦਰਜ ਕੀਤੇ ਹਨ ਪਰ ਅੱਜ ਤੱਕ ਭ੍ਰਿਸ਼ਟਾਚਾਰ ਦਾ ਇੱਕ ਵੀ ਪੈਸਾ ਨਹੀਂ ਮਿਲਿਆ ਹੈ। ਭਵਿੱਖ ਵਿੱਚ ਵੀ ਕੁਝ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਮਾਫੀਆ ਨਾਲ ਮਿਲੀਭੁਗਤ ਕਰਕੇ ਭਾਜਪਾ ਦਿੱਲੀ ਦੇ ਸਿੱਖਿਆ ਮਾਡਲ ਨੂੰ ਤਬਾਹ ਕਰਨ ਲਈ ਸਰਕਾਰੀ ਸਕੂਲਾਂ ਨੂੰ ਬੰਦ ਕਰਨਾ ਚਾਹੁੰਦੀ ਹੈ।
ਪਾਰਟੀ ਹੈੱਡਕੁਆਰਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਤਿਸ਼ੀ ਨੇ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਏਸੀਬੀ ਨੇ ਅੱਜ ਇੱਕ ਫਰਜ਼ੀ ਕਲਾਸ ਰੂਮ ਘੁਟਾਲੇ ਦੇ ਨਾਮ ’ਤੇ ਪੁੱਛਗਿੱਛ ਲਈ ਬੁਲਾਇਆ। ਕਲਾਸ ਰੂਮ ਘੁਟਾਲੇ ਦਾ ਇਹ ਫਰਜ਼ੀ ਅਤੇ ਝੂਠਾ ਦੋਸ਼ ਭਾਜਪਾ ਦੇ ਝੂਠੇ ਮਾਮਲਿਆਂ ਦੀ ਲੜੀ ਵਿੱਚ ਸਿਰਫ਼ ਇੱਕ ਕਿੱਸਾ ਹੈ। 10 ਸਾਲਾਂ ਤੋਂ ਭਾਜਪਾ ਦੀ ਕੇਂਦਰੀ ਸਰਕਾਰ ਅਤੇ ਈਡੀ, ਸੀਬੀਆਈ, ਆਮਦਨ ਕਰ, ਦਿੱਲੀ ਪੁਲਿਸ ਸਮੇਤ ਇਸਦੀਆਂ ਵੱਖ-ਵੱਖ ਏਜੰਸੀਆਂ ਨੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਿਰੁੱਧ ਝੂਠੇ ਅਤੇ ਫਰਜ਼ੀ ਮਾਮਲੇ ਦਰਜ ਕੀਤੇ ਹਨ।ਆਤਿਸ਼ੀ ਨੇ ਯਾਦ ਦਿਵਾਇਆ ਕਿ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦਿੰਦੇ ਹੋਏ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੂੰ ਸਖ਼ਤ ਫਟਕਾਰ ਲਗਾਈ ਸੀ।
ਉਨ੍ਹਾਂ ਕਿਹਾ ਕਿ 1945 ਤੋਂ 2015 ਤੱਕ ਦਿੱਲੀ ਦੇ ਸਰਕਾਰੀ ਸਕੂਲਾਂ ਵਿੱਚ 24 ਹਜ਼ਾਰ ਕਮਰੇ ਸਨ। ਆਮ ਆਦਮੀ ਪਾਰਟੀ ਨੇ 10 ਸਾਲਾਂ ਵਿੱਚ 22700 ਵਿਸ਼ਵ ਪੱਧਰੀ ਕਲਾਸ ਰੂਮ ਬਣਾਏ। ਇਹ ਕਲਾਸ ਰੂਮ ਟੀਨ ਦੇ ਡੱਬੇ ਨਹੀਂ ਹਨ ਸਗੋਂ ਸਹੂਲਤਾਂ ਭਰੇ ਹਨ।