ਗੀਤਾ ਜੈਯੰਤੀ ਮੌਕੇ ਬਾਲ ਸੰਵਾਦ ਤੇ ਅੰਤਰ-ਸਕੂਲ ਮੁਕਾਬਲੇ
ਹਰਿਆਣਾ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਪਵਨ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਮਾਤ ਭੂਮੀ ਸੇਵਾ ਮਿਸ਼ਨ ਵੱਲੋਂ ਕੌਮਾਂਤਰੀ ਗੀਤਾ ਜੈਯੰਤੀ ਮੌਕੇ 18 ਰੋਜ਼ਾ ਪ੍ਰੋਗਰਾਮ ਤਹਿਤ 11ਵੇਂ ਦਿਨ ਮਾਤ ਭੂਮੀ ਸੇਵਾ ਸਿੱਖਿਆ ਮੰਦਿਰ ਵਿੱਚ ਅੰਤਰ-ਸਕੂਲ ਮੁਕਾਬਲੇ ਅਤੇ ਗੀਤਾ ਬਾਲ ਸੰਵਾਦ ਕਰਵਾਇਆ ਗਿਆ। ਸਮਾਗਮ ਵਿੱਚ ਹਰਿਆਣਾ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਪਵਨ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਪ੍ਰਧਾਨਗੀ ਮਿਸ਼ਨ ਦੇ ਸੰਸਥਾਪਕ ਡਾ. ਪ੍ਰਕਾਸ਼ ਮਿਸ਼ਰਾ, ਹਰਿਆਣਾ ਸ਼ੂਗਰ ਫੈੱਡ ਦੇ ਚੇਅਰਮੈਨ ਧਰਮਵੀਰ ਡਾਗਰ ਅਤੇ ਸਮਾਜ ਸੇਵੀ ਰਮੇਸ਼ਵਰ ਦਾਸ ਗਰਗ ਨੇ ਕੀਤੀ। ਆਗਾਜ਼ ਮੌਕੇ ਮਹਿਮਾਨਾਂ ਨੇ ਭਗਵਾਨ ਕ੍ਰਿਸ਼ਨ ਤੇ ਭਾਰਤ ਮਾਤਾ ਦੀਆਂ ਤਸਵੀਰਾਂ ’ਤੇ ਹਾਰ ਪਾਏ ਅਤੇ ਸ਼ਮ੍ਹਾ ਰੌਸ਼ਨ ਕੀਤੀ।
ਡਾ. ਪਵਨ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੀਤਾ ਪੜ੍ਹਨ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਹੁਲਾਰਾ ਮਿਲਦਾ ਹੈ ਅਤੇ ਇਹ ਗ੍ਰੰਥ ਪੂਰੀ ਦੁਨੀਆ ਵਿੱਚ ਸਤਿਕਾਰਤ ਹੈ। ਉਨ੍ਹਾਂ ਕਿਹਾ ਕਿ ਗੀਤਾ ਵਿਅਕਤੀਗਤ ਵਿਕਾਸ ਰਾਹੀਂ ਰਾਸ਼ਟਰ ਨਿਰਮਾਣ ਦਾ ਸਬਕ ਸਿਖਾਉਂਦੀ ਹੈ ਇਸ ਲਈ ਦੇਸ਼ ਭਰ ਦੇ ਵਿੱਦਿਅਕ ਅਦਾਰਿਆਂ ਵਿੱਚ ਗੀਤਾ ਦੀ ਪੜ੍ਹਾਈ ਦੀ ਲੋੜ ਹੈ। ਡਾ. ਮਿਸ਼ਰਾ ਨੇ ਗੀਤਾ ਬਾਲ ਸੰਵਾਦ ਦੌਰਾਨ ਕਿਹਾ ਕਿ ਗੀਤਾ ਨਾ ਸਿਰਫ਼ ਭਾਰਤ ਸਗੋਂ ਵਿਸ਼ਵ ਦਾ ਮਹਾਨ ਦਾਰਸ਼ਨਿਕ ਗ੍ਰੰਥ ਹੈ ਜੋ ਮਨੁੱਖਤਾ ਨੂੰ ਉਦਾਸੀ ਤੋਂ ਆਨੰਦ ਵੱਲ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੀਤਾ ਦੀਆਂ ਸਿੱਖਿਆਵਾਂ ਅੱਜ ਦੇ ਬੱਚਿਆਂ ਤੇ ਨੌਜਵਾਨਾਂ ਲਈ ਬਹੁਤ ਢੁਕਵੀਆਂ ਹਨ। ਇਸ ਮੌਕੇ ਡਾ ਮਿਸ਼ਰਾ ਨੇ ਸਿੱਖਿਆ ਖੇਤਰ ਵਿੱਚ ਸ਼ਾਨਦਾਰ ਕੰਮ ਕਰਨ ਬਦਲੇ ਡਾ ਪਵਨ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ।
ਅੰਤਰ-ਸਕੂਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮੀਨ ਨੇ ਪੇਂਟਿੰਗ ਵਿੱਚ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਨੀਪਲਾ ਨੇ ਦੂਜਾ ਅਤੇ ਨਿਵੇਦਿਤਾ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਸੋਲੋ ਡਾਂਸ ਵਿੱਚ ਕੇ ਡੀ ਕਾਨਵੈਂਟ ਸਕੂਲ ਅਮੀਨ ਪਹਿਲੇ, ਸਰਕਾਰੀ ਸਕੂਲ ਖੇੜੀ ਰਾਮ ਨਗਰ ਦੂਜੇ ਅਤੇ ਨਿਵੇਦਿਤਾ ਪਬਲਿਕ ਸਕੂਲ ਤੀਜੇ ਸਥਾਨ ’ਤੇ ਰਿਹਾ। ਗੀਤਾ ਸ਼ਲੋਕ ਉਚਾਰਨ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਖੇੜੀ ਰਾਮ ਨਗਰ ਨੇ ਪਹਿਲਾ ਤੇ ਅਮੀਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਗੀਤਾ ਮਹੋਤਸਵ ਦੌਰਾਨ ਹਰਿਆਣਾ ਪੈਵੇਲੀਅਨ ਬਣਿਆ ਖਿੱਚ ਦਾ ਕੇਂਦਰ
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਗੀਤਾ ਮਹੋਤਸਵ ਵਿੱਚ ਸਥਾਪਤ ਕੀਤਾ ਗਿਆ ‘ਹਰਿਆਣਾ ਪੈਵੇਲੀਅਨ’ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਪੈਵੇਲੀਅਨ ਨੂੰ ਯੂਨੀਵਰਸਿਟੀ ਦੇ ਯੁਵਾ ਤੇ ਸੱਭਿਆਚਾਰਕ ਵਿਭਾਗ ਅਤੇ ਜਨ ਸੰਚਾਰ ਤੇ ਮੀਡੀਆ ਤਕਨਾਲੋਜੀ ਸੰਸਥਾਨ ਵੱਲੋਂ ਤਿਆਰ ਕੀਤਾ ਗਿਆ ਹੈ ਜਿੱਥੇ ਪ੍ਰਸਿੱਧ ਕਲਾਕਾਰ ਹਰਿਆਣਵੀ ਸੱਭਿਆਚਾਰ ਪਕਵਾਨਾਂ ਅਤੇ ਪਰੰਪਰਾਵਾਂ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕਰ ਰਹੇ ਹਨ। ਮੀਡੀਆ ਤਕਨਾਲੋਜੀ ਦੇ ਡਾਇਰੈਕਟਰ ਪ੍ਰੋ ਮਹਾਂ ਸਿੰਘ ਪੂਨੀਆ ਮੁਤਾਬਕ ਇਹ ਉਤਸਵ ਵਿਦਿਆਰਥੀਆਂ ਵਿੱਚ ਸਵੈ-ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ ਅਤੇ ਹਰਿਆਣਵੀ ਸੱਭਿਆਚਾਰ ਨੂੰ ਦੇਸ਼-ਵਿਦੇਸ਼ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕਰੇਗਾ।

