ਵਧੀਕ ਡਿਪਟੀ ਕਮਿਸ਼ਨਰ ਵਿਵੇਕ ਆਰੀਆ ਦੀ ਪ੍ਰਧਾਨਗੀ ਹੇਠ ਇੱਥੇ ਲਘੁ ਸਕੱਤਰੇਤ ਵਿੱਚ ਧਾਨ ਦੀ ਖਰੀਦ ਨੂੰ ਲੈਕੇ ਅਧਿਕਾਰੀਆਂ ਦੀ ਬੈਠਕ ਬੁਲਾਈ ਗਈ, ਜਿਸ ਵਿੱਚ ਆਗਾਮੀਂ ਖਰੀਦ ਸੀਜ਼ਨ ਦੌਰਾਨ ਝੋਨੇ ਦੀ ਖਰੀਦ ਨੂੰ ਲੈਕੇ ਸਾਰੇ ਵਿਭਾਗਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਉਨ੍ਹਾਂ ਕਿਹਾ ਕਿ 22 ਸਤੰਬਰ ਤੋਂ ਝੋਨੇ ਦੀ ਖਰੀਦ ਸ਼ਰੂ ਹੋਣ ਦੀ ਸੰਭਾਵਨਾ ਹੈ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਅਤੇ ਖਰੀਦ ਸੈਂਟਰਾਂ ਵਿੱਚ ਝੋਨੇ ਦੀ ਭਾਰੀ ਆਮਦ ਦਾ ਅਨੁਮਾਨ ਹੈ। ਪੀ.ਆਰ. ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2,389 ਰੁਪਏ ਪ੍ਰਤੀ ਕਵਿੰਟਲ ਅਤੇ ਕਾਮਨ ਝੋਨੇ ਦਾ ਮੁੱਲ 2,369 ਰੁਪਏ ਨਿਰਧਾਰਿਤ ਕੀਤਾ ਗਿਆ ਹੈ।
ਏ.ਡੀ.ਸੀ. ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਸੀ ਤਾਲ ਮੇਲ ਬਣਾਈ ਰੱਖਣ ਅਤੇ ਮੰਡੀਆਂ ਵਿੱਚ ਆਉਣ ਵਾਲੇ ਵਾਹਨਾਂ ਨਾਲ ਕਿਸੇ ਵੀ ਪਾਸੇ ਜਾਮ ਦੀ ਸਥਿਤੀ ਪੈਦਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਸਮੇਂ ਰਹਿੰਦੇ ਖਰੀਦ ਸਬੰਧੀ ਸਾਰੇ ਪ੍ਰਬੰਧ ਪੁਖ਼ਤਾ ਹੋ ਜਾਣੇ ਚਾਹੀਦੇ ਹਨ ਤਾਂ ਕਿ ਕਿਸੇ ਵੀ ਪਾਸੇ ਤੋਂ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਖਰੀਦ ਏਜੰਸੀਆਂ ਹਰਿਆਣਾ ਵੇਅਰ ਹਾਊਸ, ਹੈਫੇਡ, ਭਾਰਤੀ ਖਾਧ ਨਿਗ਼ਮ ਤੇ ਫੂਡ ਸਪਲਾਈ ਆਦਿ ਵਿਭਾਗਾਂ ਨੂੰ ਵੀ ਕਿਸਾਨਾਂ ਨੂੰ ਹਰ ਸੁਵਿਧਾ ਮੁਹਈਆ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਧਰ ਮਾਰਕਿਟ ਕਮੇਟੀਆਂ ਨੂੰ ਕਿਸਾਨਾਂ ਲਈ ਬਿਜਲੀ, ਰੌਸ਼ਨੀ, ਪੀਣ ਦਾ ਪਾਣੀ, ਪਖਾਨੇ, ਸਫਾਈ, ਕੀਟ ਨਾਸ਼ਕ ਛਿੜਕਾਓ ਅਤੇ ਮੱਛਰਨਾਸ਼ੀ ਦਵਾਈਆਂ ਦਾ ਪ੍ਰਬੰਧ ਕੀਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ।