ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਦੇ ਬੱਸ ਸਟੈਂਡ ਦੇ ਨਾਲ ਲੱਗਦੀ ਸੜਕ ਸਬੰਧੀ ਜਨਹਿੱਤ ਪਟੀਸ਼ਨ ਦੇ ਮਾਮਲੇ ਵਿੱਚ ਅਹਿਮ ਫੈਸਲਾ ਲੈਂਦਿਆਂ ਸਾਰੀਆਂ ਧਿਰਾਂ ਨੂੰ ਆਪਸੀ ਸਹਿਮਤੀ ਨਾਲ ਮਾਮਲਾ ਹੱਲ ਦਾ ਸੁਝਾਅ ਦਿੱਤਾ ਹੈ। ਕੇਸ ਦੀ ਅਗਲੀ ਸੁਣਵਾਈ 29 ਅਗਸਤ ਨੂੰ ਨਿਸ਼ਚਿਤ ਕੀਤੀ ਗਈ ਹੈ।
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਮੁਹਾਲੀ ਸ਼ਹਿਰ ਦੇ ਬੱਸ ਟਰਮੀਨਲ ਨੂੰ ਚਾਲੂ ਕਰਨ ਅਤੇ ਇਸ ਦੇ ਨਾਲ ਲੱਗਦੀ ਸੜਕ ਤੁਰੰਤ ਆਰੰਭ ਕਰਨ ਸਬੰਧੀ ਜਨਤਕ ਹਿੱਤ ਵਿੱਚ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਇੱਥੇ ਜ਼ਿਕਰਯੋਗ ਹੈ ਕਿ ਬੱਸ ਅੱਡੇ ਨਾਲ ਲੱਗਦੀ ਅੱਧੀ ਸੜਕ ਚੱਲਦੀ ਹੈ ਜਦੋਂ ਕਿ ਅੱਧੀ ਸੜਕ ਗਮਾਡਾ ਦੇ ਠੇਕੇਦਾਰ ਨੇ ਆਪਣੇ 2009 ਵਿੱਚ ਕਬਜ਼ੇ ਵਿੱਚ ਲਈ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਧਸ ਚੁੱਕੀ ਹੈ ਅਤੇ ਕਦੇ ਵੀ ਇਥੇ ਵੱਡੀ ਦੁਰਘਟਨਾ ਵਾਪਰ ਸਕਦੀ ਹੈ।
ਕੇਸ ਦੀ ਸੁਣਵਾਈ ਕਰਦਿਆਂ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੈਰੀ ਦੇ ਬੈਂਚ ਨੇ ਇਸ ਮਾਮਲੇ ਦੀ ਤਾਰੀਖ਼ ਵਧਾ ਕੇ ਅਗਲੇ ਮਹੀਨੇ ਲਈ ਰੱਖ ਦਿੱਤਾ। ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਮੀਡੀਏਸ਼ਨ ਜਾਂ ਗੱਲਬਾਤ ਰਾਹੀਂ ਇਸ ਮਾਮਲੇ ਦਾ ਆਪਸੀ ਸਹਿਮਤੀ ਨਾਲ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਪੇਸ਼ੀ ਦੌਰਾਨ ਕੁਲਜੀਤ ਸਿੰਘ ਬੇਦੀ ਵੱਲੋਂ ਵਕੀਲ ਰੰਜੀਵਨ ਸਿੰਘ ਅਤੇ ਰਿਸ਼ਮ ਰਾਗ ਸਿੰਘ ਨੇ ਦਲੀਲਾਂ ਪੇਸ਼ ਕੀਤੀਆਂ। ਅਦਾਲਤ ਨੇ ਹੁਕਮ ਦਿੱਤਾ ਕਿ ਅਗਲੀ ਸੁਣਵਾਈ ਦੀ ਤਰੀਕ ਨੂੰ ਇਹ ਮਾਮਲਾ ਅਰਜੈਂਟ ਲਿਸਟ ਤੋਂ ਤੁਰੰਤ ਬਾਅਦ ਸੁਣਵਾਈ ਲਈ ਲਿਆ ਜਾਵੇਗਾ।