ਇਨੈਲੋ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਵਿੱਚ ਮੁਜ਼ਾਹਰਾ
ਐੱਸ ਡੀ ਐੱਮ ਨੂੰ ਮੰਗ ਪੱਤਰ ਸੌਂਪਿਆ; ਫ਼ਸਲਾਂ ਐੱਮ ਐੱਸ ਪੀ ’ਤੇ ਨਾ ਖ਼ਰੀਦਣ ਦੇ ਦੋਸ਼
ਇਨੈਲੋ ਵਰਕਰਾਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਅਤੇ ਐੱਸ ਡੀ ਐੱਮ ਸੱਤਿਆਵਾਨ ਸਿੰਘ ਮਾਨ ਨੂੰ ਮੰਗ ਪੱਤਰ ਸੌਂਪਿਆ। ਇਸ ਤੋਂ ਪਹਿਲਾਂ ਇਨੈਲੋ ਵਰਕਰ ਐੱਸ ਡੀ ਐੱਮ ਦਫ਼ਤਰ ਦੇ ਬਾਹਰ ਸੂਬਾ ਪ੍ਰਧਾਨ ਤੇ ਜੀਂਦ ਦੇ ਇੰਚਾਰਜ ਰਾਮਪਾਲ ਮਾਜਰਾ ਦੀ ਅਗੁਵਾਈ ਹੇਠ ਧਰਨੇ ਉੱਤੇ ਬੈਠੇ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਕਿਸਾਨ ਵਿਰੋਧੀ ਹੈ ਤੇ ਹਮੇਸ਼ਾ ਕਿਸਾਨਾਂ ਦੇ ਵਿਰੋਧ ਵਿੱਚ ਫੈਸਲੇ ਲੈ ਰਹੀ ਹੈ। ਉਨ੍ਹਾਂ ਆਖਿਆ ਕਿ ਹਕੀਕਤ ਵਿਚ ਸਰਕਾਰ ਕਿਸਾਨਾਂ ਲਈ ਕੋਈ ਕੰਮ ਨਹੀਂ ਕਰ ਰਹੀ ਅਤੇ ਨਾ ਹੁਣ ਤੱਕ ਕੀਤਾ ਹੈ। ਇਸ ਲਈ ਉਨ੍ਹਾਂ ਨੂੰ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਕਿਸਾਨਾਂ ਦੀ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਹੁਣ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ, ਉਨ੍ਹਾਂ ਦੀਆਂ ਫਸਲਾਂ ਦੀ ਖਰੀਦ ਐੱਮ ਐੱਸ ਪੀ ਉੱਤੇ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਖਾਦ ਤੇ ਦਵਾਈਆਂ ਸਮੇਂ-ਸਿਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕਥਿਤ ਲੁੱਟ ਰਹੀ ਹੈ। ਇਸੇ ਤਰ੍ਹਾਂ ਨਮੀ ਦੇ ਨਾਮ ਉੱਤੇ ਵੀ ਝੋਨੇ ਵਿੱਚ 300 ਤੋਂ 400 ਰੁਪਏ ਪ੍ਰਤੀ ਕੁਇੰਟਲ ਕਟੌਤੀ ਕਰ ਕੇ ਕਿਸਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਇਨੈਲੋ ਵਰਕਰਾਂ ਨੇ ਆਪਣੇ ਮੋਢਿਆਂ ਉੱਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਧਰਨਾ ਦਿੱਤਾ ਅਤੇ ਐੱਸ ਡੀ ਐੱਮ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਦੇ ਮੁੱਖ ਮੰਤਰੀ ਬਿਹਾਰ ਗਏ ਅਤੇ ਉਨ੍ਹਾਂ ਕਿਹਾ ਕਿ ਹਰਿਆਣਾ ਦੀ ਤਰਜ਼ ਉੱਤੇ ਬਿਹਾਰ ਨੂੰ ਵਿਕਸਤ ਕਰਾਂਗੇਂ ਪਰੰਤੂ ਹਰਿਆਣੇ ਵਿੱਚ ਤਾਂ ਭੱਠਾ ਬਿਠਾ ਦਿੱਤਾ ਗਿਆ ਹੈ। ਉਨ੍ਹਾਂ ਆਖਿਆ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ।

