ਹਰਿਆਣਾ ਦੇ ਪਹਿਲੇ ਵਿਕਸਤ ਉਦਯੋਗਿਕ ਸ਼ਹਿਰ ਫਰੀਦਾਬਾਦ ਵਿੱਚ ਟਰੈਫਿਕ ਜਾਮ, ਪਾਣੀ ਭਰਨ ਅਤੇ ਸਟਾਰਟਅੱਪ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਰੁਕਾਵਟਾਂ ਬਾਰੇ ਸਅਨਤਕਾਰਾਂ ਨੇ ਚਿੰਤਾ ਪ੍ਰਗਟ ਕਰਦਿਆਂ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ।
ਸਨਅਤਕਾਰ ਸੁਖਦੇਵ ਸਿੰਘ ਖ਼ਾਲਸਾ ਨੇ ਨੀਲਮ ਅਤੇ ਬਾਟਾ ਪੁਲਾਂ ’ਤੇ ਅਕਸਰ ਲੱਗਦੇ ਟਰੈਫਿਕ ਜਾਮ ਦਾ ਮੁੱਦਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਪੁਲ ਤੋਂ ਹੇਠਾਂ ਉਤਰਦੇ ਹੀ ਵਾਹਨਾਂ ਦੀ ਕਤਾਰ ਲੱਗ ਜਾਂਦੀ ਹੈ, ਜਿਸ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਹੈ। ਸੜਕ ਨੂੰ ਚੌੜਾ ਕਰਨ ਨਾਲ ਟਰੈਫਿਕ ਜਾਮ ਘੱਟ ਹੋ ਸਕਦਾ ਹੈ। ਨਿਗਮ ਅਧਿਕਾਰੀਆਂ ਨੇ ਕਿਹਾ ਕਿ ਸੜਕ 90 ਡਿਗਰੀ ਦੇ ਕੋਣ ’ਤੇ ਬਣਾਈ ਗਈ ਹੈ ਅਤੇ ਨਗਰ ਨਿਗਮ ਇਸ ਮਾਮਲੇ ’ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਸਰੂਰਪੁਰ ਇੰਡਸਟਰੀਅਲ ਖੇਤਰ ਦੇ ਉੱਦਮੀ ਮੰਗਲ ਸਿੰਘ ਔਜਲਾ ਨੇ ਦਰਪੇਸ਼ ਸਮੱਸਿਆਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿੱਚ ਸਟਾਰਟਅੱਪ ਰਜਿਸਟ੍ਰੇਸ਼ਨ ਪ੍ਰਕਿਰਿਆ ਅਜੇ ਵੀ ਪੂਰੀ ਹੋਣੀ ਹੈ। ਇਸ ਨਾਲ ਅਕਸਰ ਸਥਾਨਕ ਉੱਦਮੀਆਂ ਨੂੰ ਬੇਲੋੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ ਜ਼ਿਲ੍ਹਾ ਪੱਧਰੀ ਰਜਿਸਟ੍ਰੇਸ਼ਨ ਪੋਰਟਲ ਸ਼ੁਰੂ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਦਿਸ਼ਾ ਵਿੱਚ ਕੋਈ ਠੋਸ ਕਦਮ ਨਹੀਂ ਚੁੱਕੇ ਗਏ।
ਗੁਰੂਕੁਲ ਇੰਡਸਟਰੀਅਲ ਏਰੀਆ ਵਿੱਚ ਸੜਕਾਂ ’ਤੇ ਗੋਡੇ ਗੋਡੇ ਪਾਣੀ ਖੜ੍ਹਾ ਹੈ। ਸਨਅਤਕਾਰ ਅਮਰਜੀਤ ਸਿੰਘ ਜੁੱਬਲ ਨੇ ਕਿਹਾ ਕਿ ਉਨ੍ਹਾਂ ਦੇ ਖੇਤਰ ਵਿੱਚ ਸਥਿਤੀ ਵਿਗੜ ਗਈ ਹੈ। ਸੜਕਾਂ ਦੀ ਹਾਲਤ ਬਹੁਤ ਮਾੜੀ ਹੈ ਅਤੇ ਬਰਸਾਤ ਦੇ ਮੌਸਮ ਵਿੱਚ ਗੋਡੇ-ਗੋਡੇ ਪਾਣੀ ਭਰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਲੰਬੇ ਸਮੇਂ ਤੋਂ ਚੱਲ ਰਹੀ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਉੱਦਮੀਆਂ ਨੂੰ ਰਾਹਤ ਮਿਲ ਸਕੇ।
ਪ੍ਰੀਤਪਾਲ ਸਿੰਘ ਨੇ ਕਿਹਾ ਕਿ ਸਮੱਸਿਆਵਾਂ ਕਈ ਸਾਲਾਂ ਤੋਂ ਬਰਕਰਾਰ ਹਨ। ਸੜਕਾਂ ਖਸਤਾ ਹਾਲਤ ਵਿੱਚ ਹਨ। ਸੀਵਰੇਜ ਓਵਰਫਲੋਅ ਹੋਣ ਕਾਰਨ ਸਾਰੇ ਉੱਦਮੀ ਪ੍ਰੇਸ਼ਾਨ ਹਨ। ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਹਨ, ਪਰ ਕੋਈ ਹੱਲ ਨਹੀਂ ਲੱਭਿਆ ਗਿਆ।
ਉੱਦਮੀ ਫੋਟੋ ਖਿੱਚ ਕੇ ਭੇਜਣ, ਸਮੱਸਿਆ ਦਾ ਹੱਲ ਕਰਾਂਗੇ: ਮੇਅਰ
ਮੇਅਰ ਪ੍ਰਵੀਨ ਜੋਸ਼ੀ ਨੇ ਹੱਲ ਦਾ ਭਰੋਸਾ ਦਿੰਦਿਆਂ ਕਿਹਾ ਕਿ ਜੇਕਰ ਕਿਸੇ ਵੀ ਉੱਦਮੀ ਨੂੰ ਕੋਈ ਸਮੱਸਿਆ ਆਉਂਦੀ ਹੈ, ਤਾਂ ਉਹ ਤੁਰੰਤ ਇੱਕ ਫੋਟੋ ਖਿੱਚ ਕੇ ਵ੍ਹਟਸਐਪ ’ਤੇ ਭੇਜਣ। ਪ੍ਰਸ਼ਾਸਨ ਵੱਲੋਂ ਇਸ ਮੁੱਦੇ ਨੂੰ ਜਲਦੀ ਹੱਲ ਕਰਵਾਇਆ ਜਾਵੇਗਾ।