ਹਰਿਆਣਾ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਸੂਬਾ ਸਰਕਾਰ ਨੇ ਐੱਮ ਐੱਸ ਐੱਮ ਈ ਯੋਜਨਾ ਤਹਿਤ ਬਾਬੈਨ ਵਿੱਚ ਆਧੁਨਿਕ ਉਦਯੋਗਿਕ ਪਾਰਕ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਹੈ। 16 ਏਕੜ ਥਾਂ ਵਿੱਚ ਬਣਨ ਵਾਲੇ ਇਸ ਉਦਯੋਗਿਕ ਪਾਰਕ ਵਿੱਚ 60 ਛੋਟੇ ਤੇ ਵੱਡੇ ਯੂਨਿਟ ਸਥਾਪਤ ਕੀਤੇ ਜਾਣਗੇ। ਇਸ ਦੇ ਲੱਗਣ ਨਾਲ ਹਜ਼ਾਰਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ।
ਇਸ ਆਧੁਨਿਕ ਉਦਯੋਗਿਕ ਪਾਰਕ ਦੇ ਨਿਰਮਾਣ ਦਾ ਆਗਾਜ਼ ਸ਼ੀਆ ਇਨਫ੍ਰਾਹਾਈਟ ਪ੍ਰਾਈਵੇਟ ਲਿਮਟਿਡ ਵੱਲੋਂ ਇਕ ਨੀਂਹ ਪੱਥਰ ਸਮਾਗਮ ਨਾਲ ਰਸਮੀ ਤੌਰ ’ਤੇ ਕੀਤਾ ਗਿਆ। ਇਹ ਪ੍ਰਾਜੈਕਟ ਨਾ ਸਿਰਫ ਰੁਜ਼ਗਾਰ ਦੇ ਮੌਕੇ ਵਧਾਏਗਾ ਬਲਕਿ ਖੇਤਰ ਵਿਚ ਉਦਯੋਗਿਕ ਵਿਕਾਸ ਨੂੰ ਨਵੀਂ ਗਤੀ ਦੇਵੇਗਾ। ਇਸ ਪਾਰਕ ਵਿੱਚ ਉਦਯੋਗਾਂ ਨੂੰ ਸਥਾਪਿਤ ਕਰਨ ਲਈ ਇਕ ਛੱਤ ਹੇਠ ਸਾਰੀਆਂ ਸਹੂਲਤਾਂ ਪ੍ਰਦਾਨ ਕਰਵਾਈਆਂ ਜਾਣਗੀਆਂ। ਸਰਕਾਰ ਵੱਲੋਂ ਪਾਰਕ ਵਿਚ ਸਥਾਪਿਤ ਉਦਯੋਗਾਂ ਦਾ ਬਿਜਲੀ ਖਰਚ ਪੂਰੀ ਤਰ੍ਹਾਂ ਮੁਆਫ਼ ਹੋਵੇਗਾ ਤੇ ਬਿਜਲੀ ਤੇ ਪ੍ਰਤੀ ਯੂਨਿਟ ਦੋ ਰੁਪਏ ਛੋਟ ਹੋਵੇਗੀ। ਪਾਰਕ ਵਿੱਚ ਲੱਗਣ ਵਾਲੇ ਉਦਯੋਗਾਂ ਲਈ ਜ਼ਮੀਨ ਖਰੀਦਣ ਤੇ ਸਟੈਂਪ ਡਿਊਟੀ ਪੂਰੀ ਤਰ੍ਹਾਂ ਮੁਆਫ਼ ਹੋਵੇਗੀ। ਪਾਰਕ ਵਿਚ ਪਾਣੀ ਦੀ ਸਪਲਾਈ, ਸੜਕੀ ਨੈੱਟਵਰਕ, ਈ ਟੀ ਪੀ, ਐੱਸ ਟੀ ਪੀ ਤੇ ਸੀਵਰੇਜ ਸਿਸਟਮ ਦੀ ਸਹੂਲਤ ਹੋਵੇਗੀ। ਕੰਪਨੀ ਦੇ ਡਾਇਰੈਕਟਰ ਅਮਨ ਬੰਸਲ ਨੇ ਦੱਸਿਆ ਕਿ ਇਸ ਪਾਰਕ ਦੇ ਨਿਰਮਾਣ ਨਾਲ ਆਸ-ਪਾਸ ਦੇ ਨੌਜਵਾਨਾਂ ਨੂੰ ਆਪਣੇ ਹੀ ਖੇਤਰ ਵਿਚ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਖੇਤੀ ਆਧਾਰਿਤ ਉਦਯੋਗਾਂ ਨੂੰ ਵੀ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਬੈਨ ਦੀ ਉਦਯੋਗਕਿ ਪਾਰਕ ਬਣਨ ਨਾਲ ਆਉਣ ਵਾਲੇ ਸਮੇਂ ਵਿਚ ਨਿਵੇਕਲੀ ਪਛਾਣ ਬਣੇਗੀ।

