ਆਨਲਾਈਨ ਪੇਪਰਲੈੱਸ ਡੀਡ ਰਜਿਸਟ੍ਰੇਸ਼ਨ ਪ੍ਰਣਾਲੀ ਦਾ ਉਦਘਾਟਨ
ਅੱਜ ਨਰਾਇਣਗੜ੍ਹ ਤਹਿਸੀਲ ਵਿੱਚ ਕਾਗਜ਼ ਰਹਿਤ ਰਜਿਸਟ੍ਰੇਸ਼ਨ ਪ੍ਰਣਾਲੀ ਦੀ ਰਸਮੀ ਸ਼ੁਰੂਆਤ ਕੀਤੀ ਗਈ। ਐੱਸਡੀਐੱਮ ਸ਼ਿਵਜੀਤ ਭਾਰਤੀ ਨੇ ਇਸ ਆਧੁਨਿਕ ਅਤੇ ਡਿਜੀਟਲ ਪ੍ਰਕਿਰਿਆ ਲਈ ਸਥਾਪਤ ਕੀਤੇ ਗਏ ਕੰਪਿਊਟਰ, ਡੈਸਕ ਰੂਮ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲ ਸੂਬਾ ਸਰਕਾਰ ਦੇ ਡਿਜੀਟਾਈਜ਼ੇਸ਼ਨ ਵੱਲ ਮਹੱਤਵਪੂਰਨ ਕਦਮ ਹੈ, ਜਿਸ ਦਾ ਉਦੇਸ਼ ਨਾਗਰਿਕਾਂ ਨੂੰ ਤੇਜ਼, ਸਰਲ ਅਤੇ ਪਾਰਦਰਸ਼ੀ ਸੇਵਾਵਾਂ ਪ੍ਰਦਾਨ ਕਰਨਾ ਹੈ। ਇਸ ਦੀ ਸ਼ੁਰੂਆਤ ਹਰਿਆਣਾ ਦੇ ਨਰਾਇਣਗੜ੍ਹ ਤੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਰਜਿਸਟਰੀ ਪ੍ਰਕਿਰਿਆ ਦੇ ਡਿਜੀਟਾਈਜ਼ੇਸ਼ਨ ਨਾਲ ਲੋਕਾਂ ਨੂੰ ਸਹੂਲਤ ਮਿਲੇਗੀ, ਸਮਾਂ ਅਤੇ ਕਾਗਜ਼ੀ ਕਾਰਵਾਈ ਦੋਵੇਂ ਬਚਣਗੇ। ਪਾਇਲਟ ਪ੍ਰਾਜੈਕਟ ਤਹਿਤ, ਇਹ ਪ੍ਰਣਾਲੀ ਨਰਾਇਣਗੜ੍ਹ ਤਹਿਸੀਲ ਵਿੱਚ ਸ਼ੁਰੂ ਕੀਤੀ ਗਈ ਹੈ।ਇਸ ਮੌਕੇ ਪੇਪਰ ਰਹਿਤ ਰਜਿਸਟ੍ਰੇਸ਼ਨ ਪ੍ਰਣਾਲੀ ਸਬੰਧੀ ਇੱਕ ਵਿਸ਼ੇਸ਼ ਸਿਖਲਾਈ ਸੈਸ਼ਨ ਵੀ ਕਰਵਾਇਆ ਗਿਆ। ਇਸ ਮੌਕੇ ਐੱਸਡੀਐੱਮ ਸ਼ਿਵਜੀਤ ਭਾਰਤੀ, ਨਾਇਬ ਤਹਿਸੀਲਦਾਰ ਸੰਜੀਵ ਅਤਰੀ, ਰਜਿਸਟਰੀ ਕਲਰਕ, ਪਟਵਾਰੀ ਅਤੇ ਹੋਰ ਮਾਲ ਵਿਭਾਗ ਦੇ ਕਰਮਚਾਰੀ ਮੌਜੂਦ ਸਨ। ਮਾਲ ਵਿਭਾਗ ਦੇ ਜੀਐੱਮ (ਆਈਟੀ) ਸੰਦੀਪ ਸਿੰਘ ਨੇ ਸਿਖਲਾਈ ਦੌਰਾਨ ਇਸ ਪ੍ਰਣਾਲੀ ਦੀ ਪੂਰੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਵਾਰ ਰਜਿਸਟਰੀ ਸਵੀਕਾਰ ਹੋ ਜਾਣ ਤੋਂ ਬਾਅਦ, ਖਰੀਦਦਾਰ ਸਟੈਂਪ ਡਿਊਟੀ ਅਤੇ ਰਜਿਸਟ੍ਰੇਸ਼ਨ ਖਰਚੇ ਆਨਲਾਈਨ ਅਦਾ ਕਰੇਗਾ। ਸੈਸ਼ਨ ਦੌਰਾਨ, ਮੌਜੂਦ ਅਧਿਕਾਰੀਆਂ ਅਤੇ ਸਟਾਫ਼ ਨੂੰ ਸਾਰੀ ਪ੍ਰਕਿਰਿਆ ਸਬੰਧੀ ਸਮਝਾਇਆ ਗਿਆ। ਇਸ ਮੌਕੇ ਐੱਸਡੀਐੱਮ ਸ਼ਿਵਜੀਤ ਭਾਰਤੀ ਨੇ ਕਿਹਾ ਕਿ ਪੇਪਰਲੈੱਸ ਰਜਿਸਟ੍ਰੇਸ਼ਨ ਪ੍ਰਣਾਲੀ ਪੂਰੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਏਗੀ, ਕਾਗਜ਼ੀ ਕੰਮ ਘੱਟ ਹੋਵੇਗਾ ਅਤੇ ਨਾਗਰਿਕਾਂ ਨੂੰ ਇੱਕ ਤੇਜ਼, ਸੁਰੱਖਿਅਤ ਅਤੇ ਆਧੁਨਿਕ ਸੇਵਾ ਉਪਲਬਧ ਹੋਵੇਗੀ। ਇਸ ਮੌਕੇ ਨਾਇਬ ਤਹਿਸੀਲਦਾਰ ਸੰਜੀਵ ਅਤਰੀ ਨੇ ਦੱਸਿਆ ਕਿ ਇਸ ਪੇਪਰਲੈੱਸ ਰਜਿਸਟ੍ਰੇਸ਼ਨ ਸਿਸਟਮ ਰਾਹੀਂ, ਸੇਲ ਡੀਡ ਅਤੇ ਹੁੱਡਾ ਲਾਇਸੈਂਸ (ਸੁਧਾ ਕਲੋਨੀ) ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਅਤੇ ਪੇਪਰਲੈੱਸ ਹੋਵੇਗੀ।
ਉਨ੍ਹਾਂ ਕਿਹਾ ਕਿ ਇਸ ਨਵੀਂ ਤਕਨਾਲੋਜੀ ਰਾਹੀਂ, ਰਜਿਸਟਰੀ ਨਾਲ ਸਬੰਧਤ ਸਾਰੇ ਰਿਕਾਰਡ ਡਿਜੀਟਲੀ ਤੌਰ ‘ਤੇ ਸੁਰੱਖਿਅਤ ਰੱਖੇ ਜਾਣਗੇ, ਜਿਸ ਨਾਲ ਦਸਤਾਵੇਜ਼ਾਂ ਦੀ ਗਲਤੀ ਜਾਂ ਗੁੰਮ ਹੋਣ ਦੀ ਸੰਭਾਵਨਾ ਖਤਮ ਹੋ ਜਾਵੇਗੀ।