ICC Women's World Cup 2025 : ਰੋਹਤਕ ਦੀ ਧੀ ਸ਼ੈਫਾਲੀ ਵਰਮਾ ਘਰ ਜਸ਼ਨ ਦਾ ਮਾਹੌਲ
ਪਰਿਵਾਰਕ ਮੈਂਬਰ ਢੋਲ ਦੀ ਥਾਪ 'ਤੇ ਨੱਚੇ; ਪਟਾਕੇ ਚਲਾਏ, ਮਠਿਆਈਆਂ ਵੰਡੀਆਂ
ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਵੱਲੋਂ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਟਰਾਫੀ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟਰ ਸ਼ੈਫਾਲੀ ਵਰਮਾ ਦੇ ਜੱਦੀ ਸ਼ਹਿਰ ਰੋਹਤਕ ਵਿੱਚ ਦੇਰ ਰਾਤ ਤੋਂ ਹੀ ਸ਼ਾਨਦਾਰ ਜਸ਼ਨ ਸ਼ੁਰੂ ਹੋ ਗਏ।
ਅੱਧੀ ਰਾਤ ਹੋਣ ਦੇ ਬਾਵਜੂਦ ਲੋਕ ਸ਼ੈਫਾਲੀ ਦੇ ਪਰਿਵਾਰ ਨੂੰ ਵਧਾਈ ਦੇਣ ਅਤੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਘਨੀਪੁਰਾ ਇਲਾਕੇ ਵਿੱਚ ਸਥਿਤ ਉਸਦੀ ਰਿਹਾਇਸ਼ 'ਤੇ ਪਹੁੰਚ ਗਏ। ਸੋਮਵਾਰ ਦੀ ਸਵੇਰ ਤੱਕ ਚੱਲੇ ਜਸ਼ਨਾਂ ਦੌਰਾਨ ਸਥਾਨਕ ਲੋਕਾਂ ਨੇ ਮਠਿਆਈਆਂ ਵੰਡੀਆਂ, ਢੋਲ ਦੀ ਥਾਪ 'ਤੇ ਭੰਗੜੇ ਪਾਏ ਅਤੇ ਪਟਾਕੇ ਚਲਾਏ।
ਵਰਮਾ ਪਰਿਵਾਰ ਅਤੇ ਰਿਸ਼ਤੇਦਾਰ ਹੁਣ ਸ਼ੈਫਾਲੀ ਦੇ ਘਰ ਪਰਤਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਜੋ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਸਕੇ। ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਸ਼ੈਫਾਲੀ ਅਤੇ ਭਾਰਤੀ ਟੀਮ ਫਾਈਨਲ ਵਿੱਚ ਕੁਝ ਖਾਸ ਕਰੇਗੀ, ਇਸ ਲਈ ਉਨ੍ਹਾਂ ਨੇ ਜਿੱਤ ਦੀ ਉਮੀਦ ਵਿੱਚ ਪਹਿਲਾਂ ਹੀ ਪਟਾਕਿਆਂ ਦਾ ਇੰਤਜ਼ਾਮ ਕਰ ਕੀਤਾ ਹੋਇਆ ਸੀ।
ਸ਼ੈਫਾਲੀ ਦੇ ਪਿਤਾ ਸੰਜੀਵ ਵਰਮਾ ਜੋ ਇੱਕ ਜਿਊਲਰੀ ਦੀ ਦੁਕਾਨ ਚਲਾਉਂਦੇ ਹਨ, ਨੇ ਕਿਹਾ ਕਿ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਉਨ੍ਹਾਂ ਮਾਣ ਨਾਲ ਕਿਹਾ, ‘‘ਉਸ ਨੇ ਟੀਮ ਲਈ ਆਪਣਾ 100 ਫੀਸਦੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਨਿਭਾਇਆ। ਸਾਨੂੰ ਉਸ 'ਤੇ ਬਹੁਤ ਮਾਣ ਹੈ। ਸ਼ੈਫਾਲੀ ਨੇ ਨਾ ਸਿਰਫ਼ ਸ਼ਾਨਦਾਰ 87 ਦੌੜਾਂ ਬਣਾਈਆਂ, ਸਗੋਂ ਭਾਰਤ ਦੀ ਜਿੱਤ ਨੂੰ ਯਕੀਨੀ ਬਣਾਉਂਦੇ ਹੋਏ ਦੋ ਅਹਿਮ ਵਿਕਟਾਂ ਵੀ ਲਈਆਂ।’’
ਫਾਈਨਲ ਤੋਂ ਪਹਿਲਾਂ ਦੇ ਤਣਾਅਪੂਰਨ ਪਲਾਂ ਨੂੰ ਯਾਦ ਕਰਦੇ ਹੋਏ ਵਰਮਾ ਨੇ ਦੱਸਿਆ, ‘‘ਸ਼ੈਫਾਲੀ ਅਸਲ ਵਿੱਚ ਵਿਸ਼ਵ ਕੱਪ ਟੀਮ ਦਾ ਹਿੱਸਾ ਨਹੀਂ ਸੀ ਅਤੇ ਇੱਕ ਹੋਰ ਓਪਨਰ, ਪ੍ਰਤਿਕਾ ਰਾਵਲ ਦੀ ਜਗ੍ਹਾ ’ਤੇ ਟੀਮ ਵਿੱਚ ਆਈ ਸੀ। ਉਹ ਥੋੜ੍ਹੀ ਘਬਰਾਈ ਹੋਈ ਸੀ ਕਿਉਂਕਿ ਉਹ ਸੈਮੀਫਾਈਨਲ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ, ਇਸ ਲਈ ਮੈਂ ਉਸ ਨੂੰ ਉਸਦੀਆਂ ਪਿਛਲੀਆਂ ਪ੍ਰਾਪਤੀਆਂ ਜਿਵੇਂ ਕਿ ਟੈਸਟ ਕ੍ਰਿਕਟ ਵਿੱਚ ਉਸਦਾ ਦੋਹਰਾ ਸੈਂਕੜਾ, ਵੂਮੈਨ ਪ੍ਰੀਮੀਅਰ ਲੀਗ ਵਿੱਚ ਉਸਦਾ ਰਿਕਾਰਡ ਤੋੜ ਸੀਜ਼ਨ, ਅਤੇ ਪਿਛਲੇ ਅੰਤਰਰਾਸ਼ਟਰੀ ਮੈਚਾਂ ਵਿੱਚ ਉਸਦੀਆਂ ਮਹੱਤਵਪੂਰਨ ਪਾਰੀਆਂ ਯਾਦ ਕਰਵਾ ਕੇ ਉਸਨੂੰ ਪ੍ਰੇਰਿਤ ਕੀਤਾ।"
ਸ਼ੈਫਾਲੀ ਦੀ ਮਾਂ ਪ੍ਰਵੀਨ ਬਾਲਾ ਨੇ ਕਿਹਾ ਕਿ ਜਿੱਤ ਨੇ ਉਨ੍ਹਾਂ ਦੇ ਘਰ ਅਤੇ ਸ਼ਹਿਰ ਵਿੱਚ ਤਿਓਹਾਰ ਵਰਗਾ ਮਾਹੌਲ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ‘‘ਸਾਡੇ ਘਰ, ਸਾਡੇ ਇਲਾਕੇ ਅਤੇ ਸ਼ਹਿਰ ਵਿੱਚ ਦੀਵਾਲੀ ਵਰਗਾ ਮਾਹੌਲ ਹੈ। ਹਰ ਕੋਈ ਜਸ਼ਨ ਮਨਾ ਰਿਹਾ ਹੈ। ਅਸੀਂ ਹੁਣ ਉਸ ਦੇ ਘਰ ਆਉਣ ਦੀ ਉਡੀਕ ਕਰ ਰਹੇ ਹਾਂ ਤਾਂ ਜੋ ਅਸੀਂ ਉਸਦਾ ਨਿੱਘਾ ਸਵਾਗਤ ਕਰ ਸਕੀਏ।’’

