ਘੱਗਰ ਮਾਈਨਰ ’ਚ ਪਾੜ ਪੈਣ ਕਰ ਕੇ ਸੈਂਕੜੇ ਕਿੱਲਿਆਂ ’ਚ ਹੋਇਆ ਜਲ-ਥਲ; ਪਾਣੀ ਕਾਰਨ ਹੋਏ ਹਾਦਸੇ ’ਚ ਇਕ ਹਲਾਕ, ਇਕ ਜ਼ਖ਼ਮੀ
ਪ੍ਰਭੂ ਦਿਆਲ
ਸਿਰਸਾ, 5 ਜੁਲਾਈ
ਇਥੋਂ ਦੇ ਪਿੰਡ ਧੌਤੜ-ਖਰੀਆਂ ਨੇੜੇ ਘੱਗਰ ਮਾਈਨਰ ’ਚ ਪਾੜ ਪੈਣ ਨਾਲ ਜਿਥੇ ਸੈਂਕੜੇ ਕਿੱਲੇ ਪਾਣੀ ਨਾਲ ਭਰ ਗਏ, ਉਥੇ ਹੀ ਸੜਕ ’ਤੇ ਪਾਣੀ ਭਰਨ ਕਾਰਨ ਇਕ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਏ। ਦੋਵਾਂ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਵਿਚੋਂ ਬਾਅਦ ਵਿਚ ਇਕ ਦੀ ਮੌਤ ਹੋ ਗਈ ਤੇ ਦੂਜਾ ਨਾਜ਼ੁਕ ਹਾਲਤ ’ਚ ਹਸਪਤਾਲ ਵਿਚ ਜ਼ੇਰੇ-ਇਲਾਜ ਹੈ।
ਹਾਦਸੇ ਦੇ ਸ਼ਿਕਾਰ ਦੋਵੇਂ ਨੌਜਵਾਨਾਂ ਨੂੰ ਪਿੰਡਾਂ ਦੇ ਲੋਕਾਂ ਨੇ ਹਸਪਤਾਲ ਪਹੁੰਚਾਇਆ, ਜਿਥੇ ਇਕ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ 30 ਸਾਲਾ ਸੰਦੀਪ ਵਜੋਂ ਹੋਈ ਹੈ। ਉਹ ਸਰਕਾਰੀ ਹਸਪਤਾਲ ’ਚ ਸਫਾਈ ਮੁਲਾਜ਼ਮ ਸੀ।
ਮਿਲੀ ਜਾਣਕਾਰੀ ਅਨੁਸਾਰ ਸੰਦੀਪ ਲੰਘੇ ਕੱਲ੍ਹ ਚੌਟਾਲਾ ਪਿੰਡ ਰਿਸ਼ਤੇਦਾਰੀ ’ਚ ਇਕ ਵਿਆਹ ਸਮਾਗਮ ਵਿਚ ਸ਼ਿਰਕਤ ਕਰਨ ਲਈ ਗਿਆ ਸੀ। ਦੱਸਿਆ ਗਿਆ ਹੈ ਕਿ ਅੱਜ ਤੜਕੇ ਚਾਰ ਵਜੇ ਉਹ ਚੌਟਾਲਾ ਪਿੰਡ ਤੋਂ ਆਪਣੀ ਡਿਊਟੀ ਲਈ ਸਿਰਸਾ ਵਾਸਤੇ ਰਵਾਨਾ ਹੋਇਆ ਤਾਂ ਪਿੰਡ ਬੱਕਰੀਆਂਵਾਲੀ ਵਾਸੀ ਉਸ ਦਾ ਜੀਜਾ ਸੁਖਦੇਵ ਵੀ ਉਸ ਨਾਲ ਪਿੰਡ ਲਈ ਮੋਟਰਸਾਈਕਲ ’ਤੇ ਸਵਾਰ ਹੋ ਗਿਆ।
ਦੱਸਿਆ ਗਿਆ ਹੈ ਕਿ ਜਦੋਂ ਉਹ ਪਿੰਡ ਧੌਤੜ ਤੇ ਖਰੀਆਂ ਵਿਚਾਲੇ ਪੁੱਜੇ ਤਾਂ ਉਥੇ ਘੱਗਰ ਨਾਲੀ ’ਚੋਂ ਨਿਕਲਣ ਵਾਲੇ ਮਾਈਨਰ ’ਚ ਪਾੜ ਪਿਆ ਹੋਇਆ ਸੀ ਤੇ ਪਾਣੀ ਸੜਕ ਤੋਂ ਹੁੰਦਾ ਹੋਇਆ ਖੇਤਾਂ ਨੂੰ ਜਾ ਰਿਹਾ ਸੀ। ਸੜਕ ’ਤੇ ਪਾਣੀ ਹੋਣ ਕਾਰਨ ਉਨ੍ਹਾਂ ਨੂੰ ਰਾਹ ਦਾ ਪਤਾ ਨਾ ਲੱਗਿਆ ਤੇ ਮੋਟਰਸਾਈਕਲ ਸੜਕ ’ਤੇ ਪਏ ਇਕ ਡੂੰਘੇ ਟੋਏ ’ਚ ਜਾ ਡਿੱਗਾ ਜਿਸ ਕਾਰਨ ਦੋਵਾਂ ਜਣਿਆਂ ਦੇ ਗੰਭੀਰ ਸੱਟਾਂ ਲੱਗੀਆਂ। ਪਿੰਡ ਵਾਸੀਆਂ ਨੇ ਦੋਵਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਸੰਦੀਪ ਨੂੰ ਮ੍ਰਿਤਕ ਐਲਾਨ ਦਿੱਤਾ।
ਉੱਧਰ ਮਾਈਨਰ ਟੁੱਟਣ ਕਾਰਨ ਪਿੰਡਾਂ ਦੇ ਲੋਕਾਂ ’ਚ ਭਾਰੀ ਰੋਸ ਹੈ। ਪਿੰਡ ਧੌਤੜ ਦੇ ਸਰਪੰਚ ਰਾਜੇਸ਼ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਵੱਲੋਂ ਮਾਈਨਰ ’ਚ ਕਿਸਾਨਾਂ ਵੱਲੋਂ ਪਾਈਆਂ ਗਈਆਂ ਪਾਈਪਾਂ ਜੇਸੀਬੀ ਨਾਲ ਪੁੱਟੀਆਂ ਗਈਆਂ ਸਨ ਅਤੇ ਪਾਈਪਾਂ ਵਾਲੀ ਥਾਂ ’ਤੇ ਬੰਨ੍ਹਾਂ ਨੂੰ ਪੂਰਾ ਮਜ਼ਬੂਤ ਨਹੀਂ ਕੀਤਾ ਗਿਆ, ਜਿਸ ਕਾਰਨ ਮਾਈਨਰ ’ਚ ਪਾੜ ਪਿਆ ਹੈ ਤੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ।