ਗੁਰਦੁਆਰਾ ਐਕਟ ਵਿੱਚ ਸੋਧ ਖ਼ਿਲਾਫ਼ ਐੱਚਐੱਸਜੀਪੀਸੀ ਮੈਂਬਰ ਹੋਏ ਲਾਮਬੰਦ
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਦੀ ਅਗਵਾਈ ਹੇਠ ਕਮੇਟੀ ਦੇ ਮੁੱਖ ਦਫਤਰ ਵਿੱਚ ਮੈਂਬਰਾਂ ਦੀ ਬੈਠਕ ਹੋਈ। ਇਸ ਮੌਕੇ ਝੀਂਡਾ ਨੇ ਕਿਹਾ ਕਿ ਕਿ ਸਰਕਾਰ ਵੱਲੋਂ ਪਿਛਲੇ ਦਿਨੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਵਿੱਚ ਸੋਧ ਕਰਨ ਦੇ ਖ਼ਿਲਾਫ਼ ਸੰਸਥਾ ਦੇ ਮੈਂਬਰਾਂ ਵਿੱਚ ਰੋਸ ਹੈ। ਇਸ ਰੋਸ ਕਾਰਨ ਇਹ ਮੀਟਿੰਗ ਸੱਦੀ ਗਈ ਹੈ। ਇਸ ਮੌਕੇ ਕਮੇਟੀ ਦੇ 27 ਮੈਂਬਰ ਮੌਜੂਦ ਰਹੇ। ਸ੍ਰੀ ਝੀਂਡਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਦਿਨੀਂ ਮੰਤਰੀ ਮੰਡਲ ਦੀ ਬੈਠਕ ਵਿਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਵਿਚ ਨਾ ਜ਼ਰੂਰੀ ਸੋਧ ਕੀਤੀ ਹੈ। ਇਸ ਸੋਧ ਨਾਲ ਚੋਣ ਜਿੱਤ ਕੇ ਆਏ ਮੈਂਬਰਾਂ ਦੇ ਅਧਿਕਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗਲਤ ਢੰਗ ਨਾਲ ਗੁਰਦੁਆਰਾ ਪ੍ਰਬੰਧ ’ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਇਸ ਮੌਕੇ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਆਏ । ਮੌਜੂਦ ਸਮੂਹ ਮੈਂਬਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸੋਧ ਨੂੰ ਵਾਪਸ ਲਵੇ। ਇਸ ਮੌਕੇ ਕਮੇਟੀ ਦੇ ਜਨਰਲ ਸਕੱਤਰ ਹਰਜੀਤ ਸਿੰਘ, ਸੰਯੁਕਤ ਸਕੱਤਰ ਬਲਵਿੰਦਰ ਸਿੰਘ ਕਾਂਗਥਲੀ, ਕਾਰਜਕਾਰਨੀ ਮੈਂਬਰ ਕੁਲਦੀਪ ਸਿੰਘ ਮੁਲਤਾਨੀ, ਕਰਨੈਲ ਸਿੰਘ, ਰੁਪਿੰਦਰ ਸਿੰਘ, ਪਲਵਿੰਦਰ ਸਿੰਘ, ਗੁਰਜੀਤ ਸਿੰਘ, ਸੁਖਦੇਵ ਸਿੰਘ, ਜੋਗਾ ਸਿੰਘ, ਆਦਿ ਮੌਜੂਦ ਸਨ।