ਗੁਰਮਤਿ ਕੈਂਪ ਲਾਉਣ ਵਾਲੇ ਬੱਚਿਆਂ ਦਾ ਸਨਮਾਨ
ਪੱਤਰ ਪ੍ਰੇਰਕ
ਨਵੀਂ ਦਿੱਲੀ, 26 ਜੂਨ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਸਿੱਖ ਯੂਥ ਫਾਊਂਡੇਸ਼ਨ ਅਤੇ ਪ੍ਰੈਜ਼ੈਂਟ ਵਾਹਿਗੁਰੂ ਦੇ ਸਹਿਯੋਗ ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਲਈ ਗੁਰਮਤਿ ਕੈਂਪ ਲਾਏ ਗਏ। ਇਨ੍ਹਾਂ ਕੈਂਪਾਂ ਵਿੱਚ ਬੱਚਿਆਂ ਨੂੰ ਗੁਰਮਤਿ, ਗੁਰੂ ਇਤਿਹਾਸ, ਸੈਲਫ ਡਿਫੈਂਸ ਲਈ ਸਿੱਖ ਮਾਰਸ਼ਲ ਆਰਟ, ਮਾਂ ਭਾਸ਼ਾ ਆਦਿ ਦੀ ਸਿੱਖਿਆ ਦਿੱਤੀ ਗਈ। ਬੱਚਿਆਂ ਨੂੰ ਉਮਰ ਅਨੁਸਾਰ ਦੋ ਗਰੁੱਪਾਂ ਵਿੱਚ ਵੰਡ ਕੇ ਪਾਠ ਦਿੱਤੇ ਗਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮਨਜੀਤ ਸਿੰਘ ਵੱਲੋਂ ਕੈਂਪ ਦੀ ਸਮਾਪਤੀ ’ਤੇ ਬੱਚਿਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਿੱਖ ਯੂਥ ਫਾਊਂਡੇਸ਼ਨ ਦੇ ਮੁਖੀ ਹਰਨੀਕ ਸਿੰਘ ਅਤੇ ਸੁਖਬੀਰ ਸਿੰਘ ਨੇ ਦੱਸਿਆ ਕਿ ਇਸ ਵਾਰੀ ਬੜੂ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਕੋਚ ਓਸ਼ਿਅਨ ਸਿੰਘ ਆਏ ਸਨ, ਜਿਨ੍ਹਾਂ ਨੇ ਬੱਚਿਆਂ ਨੂੰ ਸੈਲਫ ਡਿਫੈਂਸ ਦੀ ਸਿੱਖਿਆ ਦਿੱਤੀ। ਪ੍ਰਧਾਨ ਨੇ ਕਿਹਾ ਕਿ ਹਰ ਸਾਲ ਪਹਿਲਾਂ ਦੇ ਮੁਕਾਬਲੇ ਹੋਰ ਵੀ ਵਧੇਰੇ ਬੱਚੇ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋ ਰਹੇ ਹਨ।
ਸਰੋਜਨੀ ਕਲੋਨੀ ਗੁਰਦੁਆਰੇ ਵਿੱਚ ਕੈਂਪ ਸਮਾਪਤ
ਯਮੁਨਾਨਗਰ (ਪੱਤਰ ਪ੍ਰੇਰਕ): ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੋਜਨੀ ਕਲੋਨੀ ਵਿੱਚ ਚਲ ਰਿਹਾ ਦਸ ਰੋਜ਼ਾ ਗੁਰਮਤਿ ਕੈਂਪ ਅੱਜ ਸਮਾਪਤ ਹੋ ਗਿਆ। ਕੈਂਪ ਵਿੱਚ ਲਗਪਗ 60 ਬੱਚਿਆਂ ਨੇ ਹਿੱਸਾ ਲਿਆ। ਇਸ ਦੌਰਾਨ ਬੱਚਿਆਂ ਨੂੰ ਗੁਰਮਤਿ, ਰਹਿਤ ਮਰਿਆਦਾ, ਗੁਰੂ ਇਤਿਹਾਸ, ਸਿੱਖ ਇਤਿਹਾਸ, ਗੁਰਬਾਣੀ ਗਾਇਨ ਅਤੇ ਸ਼ੁੱਧ ਉਚਾਰਨ, ਪੰਜਾਬੀ ਭਾਸ਼ਾ ਅਤੇ ਦਸਤਾਰ ਆਦਿ ਦੀਆਂ ਮੁੱਢਲੀਆਂ ਸਿੱਖਿਆਵਾਂ ਦਿੱਤੀਆਂ ਗਈਆਂ। ਸਮਾਪਤੀ ਸਮਾਰੋਹ ਮੌਕੇ ਗੋਬਿੰਦ ਸਿੰਘ ਭਾਟੀਆ ਨੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੀ ਸ਼ਲਾਘਾ ਕੀਤੀ। ਕੈਂਪ ਵਿੱਚ ਬੀਬੀ ਤਜਿੰਦਰ ਕੌਰ, ਜਸਵਿੰਦਰ ਕੌਰ, ਦਵਿੰਦਰ ਕੌਰ ਅਧਿਆਪਕਾਵਾਂ ਨੇ ਸੇਵਾ ਨਿਭਾਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਐਡਵੋਕੇਟ ਨਿਰਮਲ ਸਿੰਘ, ਸਕੱਤਰ ਡਾ. ਜਸਵਿੰਦਰ ਸਿੰਘ, ਉਪ ਪ੍ਰਧਾਨ ਜਤਿੰਦਰ ਸਿੰਘ ਭਾਟੀਆ ਅਤੇ ਜਸਵਿੰਦਰ ਸਿੰਘ ਸੰਧੂ ਅਤੇ ਹੋਰ ਕਾਰਜਕਾਰੀ ਮੈਂਬਰਾਂ ਨੇ ਬੱਚਿਆਂ ਦਾ ਸਨਮਾਨ ਕੀਤਾ।