ਹਰਿਆਣਾ: ਸਹਾਇਕ ਪ੍ਰੋਫ਼ੈਸਰ ਦੀ ਪ੍ਰੀਖਿਆ ਦੇ ਨਤੀਜੇ ਹੈਰਾਨੀਜਨਕ; 600 ਅਸਾਮੀਆਂ ’ਚੋਂ 151 ਉਮੀਦਵਾਰਾਂ ਨੇ ਹੀ ਸਬਜੈਕਟ ਨੌਲੇਜ ਟੈਸਟ ਕੀਤਾ ਪਾਸ !
ਕਾਂਗਰਸ ਅਤੇ ਸਮਾਜਿਕ ਕਾਰਕੁਨਾਂ ਵੱਲੋਂ ਨਤੀਜਿਆਂ ਵਿੱਚ ਹੇਰਾਫ਼ੇਰੀ ਦਾ ਦਾਅਵਾ
ਹਰਿਆਣਾ ਦੇ ਕਾਲਜਾਂ ਵਿੱਚ ਅੰਗਰੇਜ਼ੀ ਵਿਭਾਗਾਂ ਵਿੱਚ ਸਹਾਇਕ ਪ੍ਰੋਫੈਸਰ ਦੀਆਂ 600 ਤੋਂ ਵੱਧ ਅਸਾਮੀਆਂ ਲਈ ਹੋ ਰਹੀ ਭਰਤੀ ਪ੍ਰੀਖਿਆ ਵਿੱਚ ਸਿਰਫ਼ 151 ਉਮੀਦਵਾਰ ਹੀ ਸਬਜੈਕਟ ਨੌਲੇਜ ਟੈਸਟ (Subject Knowledge Test) ਪਾਸ ਕਰਨ ਵਿੱਚ ਕਾਮਯਾਬ ਹੋਏ ਹਨ।
ਜਾਰੀ ਹੋਏ ਇਸ ਟੈਸਟ ਦੇ ਨਤੀਜਿਆਂ ਤੋਂ ਬਾਅਦ, ਕਾਰਕੁਨਾਂ ਅਤੇ ਕਾਂਗਰਸ ਦੇ ਆਗੂਆਂ ਨੇ ਸਵਾਲ ਖੜ੍ਹੇ ਕੀਤੇ ਹਨ ਕਿ ਜਿਨ੍ਹਾਂ ਉਮੀਦਵਾਰਾਂ ਨੇ UGC-NET, JRF ਅਤੇ ਹੋਰ ਵੱਡੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਹਨ, ਉਹ ਵੀ ਇਸ ਸਬਜੈਕਟ ਨੌਲੇਜ ਟੈਸਟ ਨੂੰ ਪਾਸ ਕਰਨ ਲਈ ਲੋੜੀਂਦੇ ਘੱਟੋ-ਘੱਟ 35 ਫੀਸਦੀ ਅੰਕ ਕਿਉਂ ਨਹੀਂ ਲੈ ਸਕੇ।
ਭਰਤੀ ਪ੍ਰਕਿਰਿਆ HPSC ਦੁਆਰਾ 8 ਜੂਨ ਨੂੰ ਲਏ ਗਏ ਇੱਕ ਸਕ੍ਰੀਨਿੰਗ ਟੈਸਟ ਨਾਲ ਸ਼ੁਰੂ ਹੋਈ ਸੀ, ਜੋ ਕਿ 100 ਅੰਕਾਂ ਦੀ ਇੱਕ ਆਬਜੈਕਟਿਵ (MCQs) ਪ੍ਰੀਖਿਆ ਸੀ। ਲਗਭਗ 4,500 ਉਮੀਦਵਾਰਾਂ ਵਿੱਚੋਂ, ਲਗਭਗ 2,000 ਨੂੰ ਸਬਜੈਕਟ ਨੌਲੇਜ ਟੈਸਟ ਲਈ ਸ਼ਾਰਟਲਿਸਟ ਕੀਤਾ ਗਿਆ ਸੀ।
ਇਸ ਦੌਰ ਵਿੱਚ ਹਿੱਸਾ ਲੈਣ ਵਾਲੇ ਲਗਭਗ 2,000 ਉਮੀਦਵਾਰਾਂ ਵਿੱਚੋਂ, ਸਿਰਫ਼ 151 ਹੀ ਘੱਟੋ-ਘੱਟ 35 ਫੀਸਦੀ ਅੰਕ ਹਾਸਲ ਕਰ ਸਕੇ ਹਨ, ਜੋ ਹੁਣ ਇੰਟਰਵਿਊ ਦੌਰ ਲਈ ਅੱਗੇ ਵਧੇ ਹਨ।
ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਦੇ ਮੁੱਦੇ ਉਠਾਉਣ ਲਈ ਜਾਣੇ ਜਾਂਦੇ ਕਾਰਕੁਨ ਸ਼ਵੇਤਾ ਢੁੱਲ ਨੇ ਕਿਹਾ ਕਿ ਇਹ ‘ਯਕੀਨ ਕਰਨਾ ਮੁਸ਼ਕਲ ਹੈ’ ਕਿ ਉੱਚ ਯੋਗਤਾ ਪ੍ਰਾਪਤ ਉਮੀਦਵਾਰਾਂ ਦੀ ਵੱਡੀ ਬਹੁਗਿਣਤੀ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਨ ਵਾਲੇ 35 ਫੀਸਦੀ ਅੰਕ ਵੀ ਪ੍ਰਾਪਤ ਨਹੀਂ ਕਰ ਸਕੀ।
ਇਸ ਦੌਰ ਨੂੰ ਪਾਸ ਨਾ ਕਰ ਸਕੀ ਇੱਕ ਪੀਐਚ.ਡੀ. ਦੀ ਵਿਦਿਆਰਥਣ ਨੇ ਦੱਸਿਆ ਕਿ ਪ੍ਰਮੁੱਖ ਯੂਨੀਵਰਸਿਟੀਆਂ ਦੇ ਕਈ ਉਮੀਦਵਾਰ, ਜਿਨ੍ਹਾਂ ਵਿੱਚ ਯੂਨੀਵਰਸਿਟੀ ਟੌਪਰ ਵੀ ਸ਼ਾਮਲ ਹਨ, ਟੈਸਟ ਵਿੱਚ ਘੱਟੋ-ਘੱਟ ਸਕੋਰ ਪ੍ਰਾਪਤ ਕਰਨ ਵਿੱਚ ਅਸਫਲ ਰਹੇ ਹਨ, ਜਿਸ ਨਾਲ ਸਾਰੇ ਹੈਰਾਨ ਹਨ।
ਉਸ ਨੇ ਕਿਹਾ, “ਅਸੀਂ ਇਹ ਨਹੀਂ ਕਹਿ ਰਹੇ ਕਿ ਜਿਹੜੇ 151 ਉਮੀਦਵਾਰ ਪਾਸ ਹੋਏ ਹਨ ਉਹ ਗੈਰ-ਯੋਗ ਹਨ ਜਾਂ ਉਨ੍ਹਾਂ ਨੇ ਮੈਰਿਟ ’ਤੇ ਕੁਆਲੀਫਾਈ ਨਹੀਂ ਕੀਤਾ ਹੈ। ਪਰ ਮੈਂ ਬਹੁਤਿਆਂ ਨੂੰ ਜਾਣਦੀ ਹਾਂ ਜੋ ਇਸਨੂੰ ਪਾਸ ਨਹੀਂ ਕਰ ਸਕੇ, ਉਹ ਹੋਰ ਪ੍ਰੀਖਿਆਵਾਂ ਵਿੱਚ ਟੌਪਰ ਸਨ। ਸਾਡਾ ਇਤਰਾਜ਼ ਇਹ ਵੀ ਹੈ ਕਿ 613 ਅਸਾਮੀਆਂ ਲਈ, ਆਮ ਤੌਰ ’ਤੇ 1,200 ਨੂੰ ਇੰਟਰਵਿਊ ਲਈ ਬੁਲਾਇਆ ਜਾਣਾ ਚਾਹੀਦਾ ਸੀ। ਹੁਣ ਜਦੋਂ ਸਿਰਫ਼ 151 ਨੇ ਟੈਸਟ ਪਾਸ ਕੀਤਾ ਹੈ ਤਾਂ ਅਸਾਮੀਆਂ ਕਿਵੇਂ ਭਰੀਆਂ ਜਾਣਗੀਆਂ? ਆਖ਼ਰਕਾਰ, ਇੰਟਰਵਿਊ ਤੋਂ ਬਾਅਦ ਕਿੰਨੇ ਚੁਣੇ ਜਾਣਗੇ?”
ਉਸਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਸਕ੍ਰੀਨਿੰਗ ਟੈਸਟ ਵਿੱਚ 100 ਵਿੱਚੋਂ ਲਗਭਗ 90 ਅੰਕ ਪ੍ਰਾਪਤ ਕੀਤੇ ਸਨ, ਉਹ ਵੀ ਸਬਜੈਕਟ ਨੌਲੇਜ ਦੌਰ ਵਿੱਚ ਅਸਫਲ ਹੋ ਗਏ ਹਨ। ਉਸਨੇ ਖੁਦ ਦੱਸਿਆ ਕਿ ਉਸਨੇ ਸਕ੍ਰੀਨਿੰਗ ਟੈਸਟ ਵਿੱਚ 76 ਅੰਕ ਪ੍ਰਾਪਤ ਕੀਤੇ ਸਨ, ਜੋ ਜਨਰਲ ਸ਼੍ਰੇਣੀ ਦੇ ਕੱਟ-ਆਫ 66 ਤੋਂ ਕਾਫ਼ੀ ਉੱਪਰ ਸਨ।
ਉਨ੍ਹਾਂ ਨੇ ਮੰਗ ਕੀਤੀ ਕਿ HPSC ਉਨ੍ਹਾਂ ਨੂੰ ਉਨ੍ਹਾਂ ਦੀਆਂ ਉੱਤਰ ਕਾਪੀਆਂ ਪ੍ਰਦਾਨ ਕਰੇ ਅਤੇ ਮੁਲਾਂਕਣ ਵਿਧੀ ਦੀ ਵਿਆਖਿਆ ਕਰੇ।
ਉੱਧਰ ਦੂਜੇ ਪਾਸੇ ਕਾਂਗਰਸ ਆਗੂ ਗੀਤਾ ਭੁੱਕਲ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਸਿਰਫ਼ 151 ਉਮੀਦਵਾਰ ਹੀ ਟੈਸਟ ਪਾਸ ਕਰ ਸਕੇ ਹਨ, ਜਿਸ ਵਿੱਚ ਅਨੁਸੂਚਿਤ ਜਾਤੀਆਂ ਅਤੇ ਹੋਰ ਰਾਖਵੀਆਂ ਸ਼੍ਰੇਣੀਆਂ ਦੇ ਸਿਰਫ਼ ਕੁਝ ਕੁ ਉਮੀਦਵਾਰ ਸ਼ਾਮਲ ਹਨ।
ਭੁੱਕਲ ਨੇ ਕਿਹਾ, “ਹਰਿਆਣਾ ਦੇ ਵਿਦਿਆਰਥੀ ਬੁੱਧੀਮਾਨ ਹਨ ਅਤੇ ਇਸ ਟੈਸਟ ਵਿੱਚ ਹਿੱਸਾ ਲੈਣ ਵਾਲੇ ਬਹੁਤ ਸਾਰੇ ਉੱਚ ਯੋਗਤਾ ਪ੍ਰਾਪਤ ਹਨ ਜਿਨ੍ਹਾਂ ਨੇ ਪ੍ਰਮੁੱਖ ਯੂਨੀਵਰਸਿਟੀਆਂ ਅਤੇ ਸੰਸਥਾਵਾਂ ਵਿੱਚ ਪੜ੍ਹਾਈ ਕੀਤੀ ਹੈ। 35 ਫੀਸਦੀ ਅੰਕ ਵੀ ਪ੍ਰਾਪਤ ਨਾ ਕਰ ਸਕਣਾ ਹੈਰਾਨੀਜਨਕ ਹੈ ਅਤੇ ਇਸ ਨਾਲ ਅਪਣਾਈ ਜਾ ਰਹੀ ਮੁਲਾਂਕਣ ਵਿਧੀਆਂ ਬਾਰੇ ਸਵਾਲ ਖੜ੍ਹੇ ਹੁੰਦੇ ਹਨ।”

