ਆਈਪੀਐੱਸ ਖੁਦਕੁਸ਼ੀ ਮਾਮਲਾ: ਪੁਲੀਸ ਨੇ ਐੱਫ ਆਈ ਆਰ ’ਚ ਐਸ ਸੀ/ ਐਸ ਟੀ ਐਕਟ ਦੀ ਧਾਰਾ ਜੋੜੀ
ਡੀ ਜੀ ਪੀ ਪੱਧਰ ਦੇ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਾਰੇ ਪੱਖਾਂ ਦੀ ਜਾਂਚ ਜ਼ਰੂਰੀ: ਰਾਜਪਾਲ
Haryana cop suicide: Police add charges after wife objects to 'diluted sections' in FIR ਹਰਿਆਣਾ ਦੇ ਆਈ ਪੀ ਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਵਿੱਚ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਪੁਲੀਸ ਨੇ ਨਵੀਂ ਧਾਰਾ ਜੋੜੀ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਏ ਸਨ ਕਿ ਇਸ ਮਾਮਲੇ ਵਿਚ ਐਸਸੀ/ਐਸਟੀ ਐਕਟ ਦੀਆਂ ਸਬੰਧਤ ਧਾਰਾਵਾਂ ਜੋੜੀਆਂ ਜਾਣ ਜਿਸ ਤੋਂ ਬਾਅਦ ਪੁਲੀਸ ਨੇ ਇਹ ਧਾਰਾ ਐਫ ਆਈ ਆਰ ਵਿਚ ਦਰਜ ਕਰ ਦਿੱਤੀ ਹੈ।
ਸੀਨੀਅਰ ਆਈ ਏ ਐਸ ਅਧਿਕਾਰੀ ਤੇ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ ਕੁਮਾਰ ਨੇ ਪਹਿਲਾਂ ਪੁਲੀਸ ਨੂੰ ਲਿਖਿਆ ਸੀ ਕਿ ਐਫ ਆਈ ਆਰ ਵਿੱਚ ਐਸ ਸੀ/ਐਸ ਟੀ ਐਕਟ ਦੀਆਂ ਧਾਰਾਵਾਂ ਲਾਈਆਂ ਜਾਣੀਆਂ ਚਾਹੀਦੀਆਂ ਹਨ।
ਚੰਡੀਗੜ੍ਹ ਦੇ ਆਈ ਜੀ ਪੁਸ਼ਪੇਂਦਰ ਕੁਮਾਰ ਜੋ ਖੁਦਕੁਸ਼ੀ ਮਾਮਲੇ ਵਿੱਚ ਛੇ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰ ਰਹੇ ਹਨ, ਨੇ ਐਤਵਾਰ ਨੂੰ ਫੋਨ ’ਤੇ ਪੁਸ਼ਟੀ ਕੀਤੀ ਕਿ ਐਫ ਆਈ ਆਰ ਵਿੱਚ ਐਕਟ ਦੀ ਧਾਰਾ 3 (2) (v) ਸ਼ਾਮਲ ਕੀਤੀ ਗਈ ਹੈ। ਦੂਜੇ ਪਾਸੇ ਪੂਰਨ ਕੁਮਾਰ ਦੇ ਪਰਿਵਾਰ ਨੇ ਹਾਲੇ ਤੱਕ ਪੋਸਟਮਾਰਟਮ ਲਈ ਸਹਿਮਤੀ ਨਹੀਂ ਦਿੱਤੀ ਹੈ। ਪਰਿਵਾਰ ਨੇ ਕਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ।
ਇਸ ਤੋਂ ਇਕ ਦਿਨ ਪਹਿਲਾਂ ਹਰਿਆਣਾ ਸਰਕਾਰ ਨੇ ਰੋਹਤਕ ਦੇ ਪੁਲੀਸ ਸੁਪਰਡੈਂਟ ਨਰਿੰਦਰ ਬਿਜਰਾਨੀਆ ਨੂੰ ਹਟਾ ਦਿੱਤਾ ਸੀ। ਆਈਪੀਐਸ ਅਧਿਕਾਰੀ ਦਾ ਪਰਿਵਾਰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਇਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਿਹਾ ਸੀ। ਹਰਿਆਣਾ ਸਰਕਾਰ ਨੇ ਆਈ ਪੀ ਐਸ ਅਧਿਕਾਰੀ ਸੁਰਿੰਦਰ ਸਿੰਘ ਭੋਰੀਆ ਨੂੰ ਰੋਹਤਕ ਦਾ ਨਵਾਂ ਐਸਪੀ ਨਿਯੁਕਤ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਨਰਿੰਦਰ ਬਿਜਰਾਨੀਆ ਦੀ ਨਵੀਂ ਪੋਸਟਿੰਗ ਬਾਰੇ ਵੱਖਰਾ ਪੱਤਰ ਜਾਰੀ ਕੀਤਾ ਜਾਵੇਗਾ। ਇਹ ਵੀ ਦੱਸਣਾ ਬਣਦਾ ਹੈ ਕਿ ਪੀੜਤ ਪਰਿਵਾਰ ਹਰਿਆਣਾ ਦੇ ਡੀ ਜੀ ਪੀ ਨੂੰ ਬਦਲਣ ਦੀ ਵੀ ਮੰਗ ਕਰ ਰਿਹਾ ਹੈ।
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੀ ਖੁਦਕੁਸ਼ੀ ਨੂੰ ਗੰਭੀਰ ਮਾਮਲਾ ਦੱਸਦਿਆਂ ਕਿਹਾ ਕਿ ਪੁਲੀਸ ਨੇ ਇਸ ਦੀ ਗੰਭੀਰਤਾ ਕਾਰਨ ਐਫ ਆਈ ਆਰ ਦਰਜ ਕਰ ਲਈ ਹੈ।
ਕਟਾਰੀਆ ਨੇ ਏਐਨਆਈ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਯਕੀਨਨ ਇੱਕ ਆਈਪੀਐਸ ਅਧਿਕਾਰੀ ਵੱਲੋਂ ਖੁਦਕੁਸ਼ੀ ਕਰਨਾ ਇੱਕ ਗੰਭੀਰ ਮਾਮਲਾ ਹੈ, ਅਤੇ ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ, ਅਸੀਂ ਐਫਆਈਆਰ ਦਰਜ ਕੀਤੀ ਹੈ... ਪੀੜਤ ਪਰਿਵਾਰ ਨੇ 14-15 ਅਧਿਕਾਰੀਆਂ ਵਿਰੁੱਧ ਦੋਸ਼ ਲਗਾਏ ਹਨ... ਹਰਿਆਣਾ ਸਰਕਾਰ ਨੇ ਐਸ ਪੀ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਡੀਜੀਪੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਡੀਜੀਪੀ ਪੱਧਰ ਦੇ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਾਰੇ ਤੱਥਾਂ ਦੀ ਜਾਂਚ ਤੇ ਪੁਸ਼ਟੀ ਕਰਨਾ ਜ਼ਰੂਰੀ ਹੈ। ਚੰਡੀਗੜ੍ਹ ਪੁਲੀਸ ਨੇ ਮਾਮਲੇ ਦੀ ਵਿਆਪਕ ਅਤੇ ਨਿਰਪੱਖ ਜਾਂਚ ਕਰਨ ਲਈ ਛੇ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ। ਜ਼ਿਕਰਯੋਗ ਹੈ ਕਿ ਪੂਰਨ ਕੁਮਾਰ ਨੇ 7 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ’ਤੇ ਖੁਦਕੁਸ਼ੀ ਕਰ ਲਈ ਸੀ।
ਪੀਟੀਆਈ/ਏਐੱਨਆਈ