Haryana News: ਉਦਯੋਗਿਕ ਖੇਤਰ ਵਿੱਚ ਲੱਗੀ ਭਿਆਨਕ ਅੱਗ, ਦੋ ਫੈਕਟਰੀਆਂ ਨੂੰ ਵੱਡਾ ਨੁਕਸਾਨ
ਹਰਿੰਦਰ ਰਾਪੜੀਆ
ਸੋਨੀਪਤ, 24 ਫਰਵਰੀ
ਜ਼ਿਲ੍ਹੇ ਦੇ ਪਿੰਡ ਰਾਮਨਗਰ ਦੇ ਉਦਯੋਗਿਕ ਖੇਤਰ ਵਿੱਚ ਸੋਮਵਾਰ ਸਵੇਰੇ ਦੋ ਫੈਕਟਰੀਆਂ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਇਕ ਫੈਕਟਰੀ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈ ਹੈ, ਜਦਕਿ ਦੂਜੀ ਫੈਕਟਰੀ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਸੀ। ਇਸ ਦੌਰਾਨ ਫਾਇਰ ਬ੍ਰਿਗੇਡ ਦੀਆਂ ਅੱਧੀ ਦਰਜਨ ਤੋਂ ਵੱਧ ਗੱਡੀਆਂ ਅੱਗ ’ਤੇ ਕਾਬੂ ਪਾਉਣ ਲਈ ਮੁਸ਼ੱਕਤ ਕਰ ਰਹੀਆਂ ਸਨ।
ਜਾਣਕਾਰੀ ਦੇ ਅਨੁਸਾਰ ਸਵੇਰੇ ਫੈਕਟਰੀ ਦੇ ਇੱਕ ਮਜ਼ਦੂਰ ਨੇ ਕੁੜੇ ਵਿੱਚ ਅੱਗ ਲਗਾਈ ਜੋ ਕਿ ਅੱਗ ਤੇਜ਼ੀ ਨਾਲ ਆਸ ਪਾਸ ਫੈਲ ਗਹੀ ਅਤੇ ਨਜ਼ਦੀਕੀ ਕੈਮਿਕਲ ਅਤੇ ਪਲਾਸਟਿਕ ਫੈਕਟਰੀ ਤੱਕ ਪਹੁੰਚ ਗਈ।
ਫੈਕਟਰੀ ਦੇ ਮਾਲਕਾਂ ਨੇ ਇਹ ਦੋਸ਼ ਲਾਇਆ ਹੈ ਕਿ ਅੱਗ ਲੱਗਣ ਤੋਂ ਬਾਅਦ ਉਨ੍ਹਾਂ ਨੇ ਵੱਡੇ ਉਦਯੋਗਿਕ ਖੇਤਰ ਅਤੇ ਗੰਨੌਰ ਸਮੇਤ ਕਈ ਥਾਵਾਂ ’ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਪਰ ਕਿਸੇ ਨੇ ਸਮੇਂ ’ਤੇ ਜਵਾਬ ਨਹੀਂ ਦਿੱਤਾ। ਇਥੇ ਤੱਕ ਕਿ ਉਨ੍ਹਾਂ ਦੇ ਕਰਮਚਾਰੀ ਮੋਟਰਸਾਈਕਲ ’ਤੇ ਫਾਇਰ ਬ੍ਰਿਗੇਡ ਦਫ਼ਤਜ ਵੀ ਗਏ। ਉਨ੍ਹਾਂ ਦੋਸ਼ ਲਾਇਆ ਕਿ ਜੇ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਵੱਡੇ ਨੁਕਸਾਨ ਤੋਂ ਬਚਾਅ ਕੀਤਾ ਜਾ ਸਕਦਾ ਸੀ।
ਜ਼ਿਕਰਯੋਗ ਹੈ ਕਿ ਰਾਮਨਗਰ ਰੋਡ ਸਥਿਤ ਇੱਕ ਫੈਕਟਰੀ ਵਿੱਚ ਡਰੰਮ ਬਣਾਉਣ ਦਾ ਕੰਮ ਹੁੰਦਾ ਸੀ, ਜਦਕਿ ਦੂਜੀ ਫੈਕਟਰੀ ਵਿੱਚ ਡਰੰਮ ’ਤੇ ਪ੍ਰਿੰਟਿੰਗ ਕਰਨ ਦਾ ਕੰਮ ਚਲਦਾ ਸੀ। ਸਵੇਰੇ ਕਰੀਬ 6:40 ਵਜੇ ਡਰੰਮ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗੀ ਅਤੇ ਕੁਝ ਹੀ ਘੰਟਿਆਂ ਵਿੱਚ ਪੂਰੀ ਫੈਕਟਰੀ ਸੜ ਕੇ ਸੁਆਹ ਹੋ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਨਜ਼ਦੀਕੀ ਪ੍ਰਿੰਟਿੰਗ ਫੈਕਟਰੀ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।
ਫੈਕਟਰੀ ਮਾਲਕਾਂ ਦੇ ਅਨੁਸਾਰ ਇਸ ਅੱਗ ਨਾਲ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲੀਸ ਅਤੇ ਫਾਇਰ ਵਿਭਾਗ ਇਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਉਧਰ ਇਸ ਹਾਦਸੇ ਨੇ ਫਾਇਰ ਵਿਭਾਗ ’ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਹਨ।