ਹਰਿਆਣਾ ਸਰਕਾਰ ਸਤੰਬਰ ਤੋਂ ਮਹਿਲਾਵਾਂ ਨੂੰ ਪ੍ਰਤੀ ਮਹੀਨਾ ਦੇਵੇਗੀ 2100 ਰੁਪਏ
ਹਰਿਆਣਾ ਸਰਕਾਰ ਵੱਲੋਂ 25 ਸਤੰਬਰ ਤੋਂ ਸੂਬੇ ਵਿੱਚ ਔਰਤਾਂ ਨੂੰ 2100 ਰੁਪਏ ਮਹੀਨਾ ਦਿੱਤਾ ਜਾਵੇਗਾ। ਇਹ ਫ਼ੈਸਲਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਕੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ’ਤੇ ਲਾਡੋ ਲਕਸ਼ਮੀ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ। ਇਸ ਯੋਜਨਾ ਅਧੀਨ ਸੂਬੇ ਦੀਆਂ ਔਰਤਾਂ ਨੂੰ 2100 ਰੁਪਏ ਮਹੀਨਾ ਵਿੱਤੀ ਮਦਦ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਤਹਿਤ 23 ਸਾਲ ਜਾਂ ਉਸ ਤੋਂ ਵੱਧ ਉਮਰ ਦੀ ਸਾਰੀ ਮਹਿਲਾਵਾਂ ਨੂੰ ਲਾਭ ਮਿਲੇਗਾ। ਯੋਜਨਾ ਤਹਿਤ ਪਹਿਲੇ ਪੜਾਅ ਵਿੱਚ ਉਨ੍ਹਾਂ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਨ੍ਹਾਂ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਹੈ। ਇਸ ਤੋਂ ਬਾਅਦ ਲੜੀਬੱਧ ਢੰਗ ਨਾਲ ਹੋਰ ਆਮਦਨ ਗਰੁਪਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।
ਸੈਣੀ ਨੇ ਕਿਹਾ ਕਿ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਲੈਣ ਲਈ ਵਿਆਹੀ ਹੋਈ ਔਰਤ ਦੇ ਪਤੀ ਦਾ ਹਰਿਆਣਾ ਦੇ 15 ਸਾਲ ਤੋਂ ਵਸਨੀਕ ਹੋਣਾ ਜ਼ਰੂਰੀ ਹੈ ਜਾਂ ਨਾ ਵਿਆਹੀ ਹੋਈ ਮੁਟਿਆਰ ਖੁਦ 15 ਸਾਲ ਤੋਂ ਹਰਿਆਣਾ ਵਿੱਚ ਰਹਿੰਦੀ ਹੋਣੀ ਚਾਹੀਦੀ ਹੈ। ਯੋਜਨਾ ਤਹਿਤ ਇੱਕ ਪਰਿਵਾਰਾਂ ਵਿੱਚ ਮਹਿਲਾਵਾਂ ਦੀ ਗਿਣਤੀ ’ਤੇ ਕੋਈ ਰੋਕ ਨਹੀਂ ਹੋਵੇਗੀ। ਜੇਕਰ ਪਰਿਵਾਰ ਵਿੱਚ ਤਿੰਨ ਯੋਗ ਮਹਿਲਾਵਾਂ ਹਨ ਤਾਂ ਉਨ੍ਹਾਂ ਤਿੰਨ ਮਹਿਲਾਵਾਂ ਨੂੰ ਲਾਭ ਮਿਲੇਗਾ। ਸਰਕਾਰ ਵੱਲੋਂ ਪਹਿਲਾਂ ਤੋਂ ਚਲਾਈਆਂ ਜਾ ਰਹੀਆਂ ਅਜਿਹੀਆਂ ਨੌਂ ਯੋਜਨਾਵਾਂ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਦਿਵਿਆਂਗ ਪੈਨਸ਼ਨ, ਲਾਡਵੀ ਸਮਾਜਿਕ ਸੁਰੱਖਿਆ ਭੱਤਾ, ਕਸ਼ਮੀਰੀ ਵਿਸਥਾਪਤ ਪਰਿਵਾਰਾਂ ਨੂੰ ਵਿੱਤੀ ਸਹਾਇਤਾ, ਬੌਣਿਆਂ ਲਈ ਭੱਤਾ ਯੋਜਨਾ, ਤੇਜ਼ਾਬ ਹਮਲੇ ਦੀਆਂ ਪੀੜਤ ਮਹਿਲਾਵਾਂ ਅਤੇ ਕੁੜੀਆਂ ਲਈ ਵਿਤੀ ਸਹਾਇਤਾ, ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ਲਈ ਹਰਿਆਣਾ ਗੌਰਵ ਸਨਮਾਨ ਸਹਾਇਤਾ ਵਿੱਚ ਸ਼ਾਮਲ ਔਰਤਾਂ ਨੂੰ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਨਹੀਂ ਮਿਲੇਗਾ।
ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਭਾਜਪਾ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਔਰਤਾਂ ਨੂੰ 2100 ਰੁਪਏ ਮਹੀਨਾ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਸੀ, ਇਸ ਲਈ ਸੂਬਾ ਸਰਕਾਰ ਨੇ ਮੌਜੂਦਾ ਵਿੱਤ ਵਰ੍ਹੇ ਦੇ ਬਜਟ ਵਿੱਚ ਪੰਜ ਹਜ਼ਾਰ ਕਰੋੜ ਰੁਪਏ ਰਾਖਵੇਂ ਵੀ ਰੱਖੇ ਸਨ। ਹਰਿਆਣਾ ਵਿੱਚ ਕਾਬਜ਼ ਭਾਜਪਾ ਸਰਕਾਰ ਨੇ ਇਸ ਫ਼ੈਸਲੇ ਨੂੰ ਆਪਣੇ 10 ਮਹੀਨਿਆਂ ਦੇ ਕਾਰਜਕਾਲ ਵਿੱਚ ਪੂਰਾ ਕਰ ਦਿੱਤਾ ਹੈ।