ਹਰਿਆਣਾ ਸਰਕਾਰ ਮੁਸਤਫਾ ਦੇ ਪੁੱਤਰ ਦੀ ਮੌਤ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਸਿਫ਼ਾਰਸ਼ ਕਰੇਗੀ
ਸ਼ਿਕਾਇਤਕਰਤਾ ਅਨੁਸਾਰ, ਆਕਿਲ ਅਖਤਰ ਦੀ ਮੌਤ ਰਹੱਸਮਈ ਹਾਲਾਤਾਂ ਵਿੱਚ ਹੋਈ ਸੀ ਅਤੇ ਉਸ ਦਾ ਆਪਣੇ ਪਰਿਵਾਰ ਨਾਲ ‘ਗੰਭੀਰ ਮਤਭੇਦ’ ਚੱਲ ਰਿਹਾ ਸੀ
ਹਰਿਆਣਾ ਸਰਕਾਰ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਆਕਿਲ ਅਖਤਰ ਦੀ ਮੌਤ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪਣ ਦੀ ਸਿਫ਼ਾਰਸ਼ ਕਰਨ ਜਾ ਰਹੀ ਹੈ।
ਪੰਚਕੂਲਾ ਪੁਲੀਸ ਦੇ ਅਧਿਕਾਰੀਆਂ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਅਨੁਸਾਰ ਇਸ ਕੇਸ ਦੀ ਸਿਫ਼ਾਰਸ਼ ਕਰਨ ਦਾ ਇੱਕ ਕਾਰਨ ਅੰਤਰ-ਰਾਜੀ ਅਧਿਕਾਰ ਖੇਤਰ (interstate jurisdiction) ਵੀ ਹੈ।
ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਹਰਿਆਣਾ ਪੁਲੀਸ ਨੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਮੰਤਰੀ ਰਜ਼ੀਆ ਸੁਲਤਾਨਾ 'ਤੇ ਕਥਿਤ ਤੌਰ 'ਤੇ ਆਪਣੇ ਪੁੱਤਰ ਆਕਿਲ ਅਖਤਰ ਦੀ ਹੱਤਿਆ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਸੀ। ਇਸ ਕੇਸ ਵਿੱਚ ਅਖਤਰ ਦੀ ਪਤਨੀ ਅਤੇ ਭੈਣ ਵੀ ਦਾ ਨਾਮ ਵੀ ਸ਼ਾਮਲ ਹੈ।
ਮਾਲੇਰਕੋਟਲਾ ਨਿਵਾਸੀ ਸ਼ਮਸੁੱਦੀਨ ਚੌਧਰੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਐੱਫਆਈਆਰ ਅਨੁਸਾਰ ਪੁਲੀਸ ਨੇ ਭਾਰਤੀ ਨਿਆ ਸੰਹਿਤਾ (BNS) ਦੀ ਧਾਰਾ 103 (1) (ਕਤਲ ਲਈ) ਅਤੇ ਧਾਰਾ 61 (ਅਪਰਾਧਿਕ ਸਾਜ਼ਿਸ਼ ਲਈ) ਲਗਾਈਆਂ ਹਨ।
ਚੌਧਰੀ ਨੇ 17 ਅਕਤੂਬਰ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਅਖਤਰ ਦੀ ਮੌਤ ਰਹੱਸਮਈ ਹਾਲਾਤਾਂ ਵਿੱਚ ਹੋਈ ਹੈ ਅਤੇ ਮ੍ਰਿਤਕ ਅਤੇ ਉਸ ਦੇ ਪਰਿਵਾਰ ਵਿਚਕਾਰ "ਗੰਭੀਰ ਮਤਭੇਦ ਚੱਲ ਰਿਹਾ ਸੀ (simmering discontent)"।
ਉਨ੍ਹਾਂ ਦੀ ਸ਼ਿਕਾਇਤ ਨੂੰ ਐੱਫਆਈਆਰ ਵਿੱਚ ਦੁਹਰਾਇਆ ਗਿਆ ਹੈ। ਇਸ ਦੇ ਅਨੁਸਾਰ, “27 ਅਗਸਤ ਨੂੰ ਆਕਿਲ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਜਨਤਕ ਤੌਰ 'ਤੇ ਪੋਸਟ ਕੀਤੀ ਸੀ ਜਿਸ ਵਿੱਚ ਉਸ ਨੇ ਆਪਣੇ ਪਿਤਾ ਅਤੇ ਆਪਣੀ ਪਤਨੀ ਵਿਰੁੱਧ ਬਹੁਤ ਗੰਭੀਰ ਦੋਸ਼ ਲਗਾਏ ਸਨ। ਵੀਡੀਓ ਵਿੱਚ ਕਿਹਾ ਸੀ ਕਿ ਉਸਨੂੰ ਆਪਣੇ ਪਿਤਾ ਅਤੇ ਆਪਣੀ ਪਤਨੀ ਵਿਚਕਾਰ ਨਾਜਾਇਜ਼ ਸਬੰਧਾਂ ਦਾ ਪਤਾ ਲੱਗਾ ਹੈ ਅਤੇ ਅੱਗੇ ਦੋਸ਼ ਲਾਇਆ ਕਿ ਉਸਦਾ ਪੂਰਾ ਪਰਿਵਾਰ - ਜਿਸ ਵਿੱਚ ਉਸਦੀ ਮਾਂ ਅਤੇ ਭੈਣ ਸ਼ਾਮਲ ਹਨ - ਉਸ ਨੂੰ ਮਾਰਨ ਜਾਂ ਕਿਸੇ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਆਕਿਲ ਨੇ ਸਪੱਸ਼ਟ ਤੌਰ ’ਤੇ ਇਸ ਗੱਲ ਦਾ ਡਰ ਜ਼ਾਹਰ ਕੀਤਾ ਸੀ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ ਅਤੇ ਉਹ ਉਨ੍ਹਾਂ ਦੇ ਹੱਥੋਂ ਮਾਰਿਆ ਜਾ ਸਕਦਾ ਹੈ।’’
ਉਨ੍ਹਾਂ ਨੇ ਅੱਗੇ ਕਿਹਾ , “ਹੁਣ, ਅਚਾਨਕ ਮੌਤ ਦੀ ਖ਼ਬਰ ਨੇ ਉਸ ਦੇ ਡਰ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਸਪੱਸ਼ਟ ਤੌਰ 'ਤੇ ਸ਼ੱਕੀ ਮਾਮਲਾ (foul play) ਹੈ। ਉਸ ਦੇ ਪਿਛਲੇ ਵੀਡੀਓ ਬਿਆਨ ਅਤੇ ਉਸ ਵਿੱਚ ਲਗਾਏ ਗਏ ਗੰਭੀਰ ਦੋਸ਼ਾਂ ਦੇ ਮੱਦੇਨਜ਼ਰ, ਮੌਤ ਦੇ ਕਾਰਨ ਦੀ ਨਿਰਪੱਖ ਅਤੇ ਗੈਰ-ਪੱਖਪਾਤੀ ਜਾਂਚ ਦੀ ਲੋੜ ਹੈ।”
ਦੂਜੇ ਪਾਸੇ ਮੁਸਤਫਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਪਿਛਲੇ 18 ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਉਨ੍ਹਾਂ ਨੇ ਇੱਥੋਂ ਤੱਕ ਸੰਕੇਤ ਦਿੱਤਾ ਸੀ ਕਿ ਹੋ ਸਕਦਾ ਹੈ ਕਿ ਉਸ ਦੀ ਮੌਤ ਨਸ਼ੇ ਦੀ ਜ਼ਿਆਦਾ ਮਾਤਰਾ (drug overdose) ਕਾਰਨ ਹੋਈ ਹੋਵੇ।
ਮੁਸਤਫਾ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਸੀ, "ਉਹ ਆਪਣੀ ਬਿਮਾਰੀ ਕਾਰਨ ਅਕਸਰ ਹਿੰਸਕ ਹੋ ਜਾਂਦਾ ਸੀ," ਅਤੇ ਅੱਗੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਸਾਲਾਂ ਤੋਂ ਇਹ ਮਾਨਸਿਕ ਕਸ਼ਟ ਸਿਹਾ ਹੈ। ਉਨ੍ਹਾਂ ਅੱਗੇ ਕਿਹਾ, "ਉਸਦੀ ਹਾਲਤ ਇਸ ਹੱਦ ਤੱਕ ਵਿਗੜ ਗਈ ਸੀ ਕਿ ਉਹ ਨਹੀਂ ਸਮਝਦਾ ਸੀ ਕਿ ਉਹ ਕੀ ਕਹਿ ਰਿਹਾ ਹੈ ਜਾਂ ਕੀ ਕਰ ਰਿਹਾ ਹੈ।"
ਅਖਤਰ ਦੀ ਵੀਡੀਓ ਬਾਰੇ ਉਨ੍ਹਾਂ ਨੇ ਟਿੱਪਣੀ ਕੀਤੀ ਸੀ ਕਿ ਉਨ੍ਹਾਂ ਦੇ ਬੇਟੇ ਨੇ ਇਹ 27 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ ਅਤੇ ਦੋ ਘੰਟੇ ਬਾਅਦ ਇਸ ਨੂੰ ਡਿਲੀਟ ਕਰ ਦਿੱਤਾ ਸੀ। ਪਰ ਕੁਝ ਲੋਕਾਂ ਨੇ ਇਸਨੂੰ ਡਾਊਨਲੋਡ ਕਰ ਲਿਆ ਸੀ ਅਤੇ ਹੁਣ ਉਹ ਪਰਿਵਾਰ ਨੂੰ ਬਦਨਾਮ ਕਰਨ ਲਈ ਇਸਦੀ ਦੁਰਵਰਤੋਂ ਕਰ ਰਹੇ ਹਨ।