ਹਰਿਆਣਾ: ਫਰੀਦਾਬਾਦ ਦਾ ਸਰਕਾਰੀ ਸਕੂਲ ਵਿਸ਼ਵ ਦੇ ਸਰਬ ਉੱਤਮ ਸਕੂਲ ਪੁਰਸਕਾਰਾਂ ਦੇ ਫਾਈਨਲ ’ਚ ਪੁੱਜਿਆ
ਚੰਡੀਗੜ੍ਹ, 24 ਜੂਨ
ਹਰਿਆਣਾ ਦੇ ਫਰੀਦਾਬਾਦ ਦਾ ਸਰਕਾਰੀ ਸਕੂਲ ਯੂਕੇ ਵਿੱਚ ਕਰਵਾਏ ਜਾ ਰਹੇ ਸਾਲਾਨਾ ਵਿਸ਼ਵ ਦੇ ਸਰਬ ਉੱਤਮ ਸਕੂਲ ਪੁਰਸਕਾਰਾਂ ਦੇ ਫਾਈਨਲ ਵਿੱਚ ਪੁੱਜ ਗਿਆ ਹੈ। ਇਹ ਸਕੂਲ ਵੱਖ-ਵੱਖ ਸ਼੍ਰੇਣੀਆਂ ਵਿੱਚ ਚੋਟੀ ਦੇ 10 ਫਾਈਨਲਿਸਟਾਂ ਵਿੱਚ ਸ਼ਾਮਲ ਚਾਰ ਭਾਰਤੀ ਸਕੂਲਾਂ ਵਿੱਚੋਂ ਇੱਕ ਹੈ। ਇਹ ਸਰਕਾਰੀ ਸਕੂਲ ਕੁੜੀਆਂ ਦੇ ਸਰੀਰਕ ਅਤੇ ਮਾਨਸਿਕ ਸਿਹਤ, ਪੋਸ਼ਣ ਸਬੰਧੀ ਸਹਾਇਤਾ ਅਤੇ ਕਮਿਊਨਿਟੀ ਨਾਲ ਜੁੜਨ ’ਤੇ ਧਿਆਨ ਕੇਂਦਰਿਤ ਕਰ ਕੇ ਉਨ੍ਹਾਂ ਦੀ ਜ਼ਿੰਦਗੀ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਫਰੀਦਾਬਾਦ ਦੇ ਨੀਟ-5 (NIT-5) ਵਿੱਚ ਸਥਿਤ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਜ਼ਰੂਰਤਮੰਦ ਲੜਕੀਆਂ ਦੇ ਜੀਵਨ ਨੂੰ ਬਦਲਣ ਲਈ ਚੁਣਿਆ ਗਿਆ ਹੈ। ਇਹ ਸਕੂਲ ਪੋਸ਼ਣ ਪ੍ਰੋਗਰਾਮਾਂ, ਸਰੀਰਕ ਤੰਦਰੁਸਤੀ ਅਤੇ ਮਾਨਸਿਕ ਸਿਹਤ ਸਹਾਇਤਾ ਨੂੰ ਸਿੱਖਿਆ ਨਾਲ ਜੋੜ ਕੇ ਸਮਾਜਿਕ ਔਕੜਾਂ ਤੋਂ ਪਾਰ ਜਾ ਰਿਹਾ ਹੈ ਅਤੇ ਇਹ ਯਕੀਨੀ ਬਣਾ ਰਿਹਾ ਹੈ ਕਿ ਕੋਈ ਵੀ ਲੜਕੀ ਪਿੱਛੇ ਨਾ ਰਹੇ। ਇਸ ਸਕੂਲ ਨੂੰ 'ਸਪੋਰਟਿੰਗ ਹੈਲਦੀ ਲਾਈਵਜ਼' ਸ਼੍ਰੇਣੀ ਦੇ ਤਹਿਤ ਇਨਾਮ ਲਈ 10 ਫਾਈਨਲਿਸਟਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ