DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਰਿਆਣਾ ਚੋਣਾਂ: ਪੰਜਾਬ ਦੇ ਵਜ਼ੀਰ ਤੇ ਵਿਧਾਇਕ ਲਾਉਣਗੇ ਗੁਆਂਢੀ ਸੂਬੇ ’ਚ ਡੇਰੇ

ਸੰਦੀਪ ਪਾਠਕ ਨੇ ਜੀਂਦ ਵਿੱਚ ਬੈਠਕ ਕਰਕੇ ਲਾਈਆਂ ਡਿਊਟੀਆਂ
  • fb
  • twitter
  • whatsapp
  • whatsapp
featured-img featured-img
ੰਦੀਪ ਪਾਠਕ ਬੈਠਕ ਨੂੰ ਸੰਬੋਧਨ ਕਰਦੇ ਹੋਏ।
Advertisement

ਚਰਨਜੀਤ ਭੁੱਲਰ

ਚੰਡੀਗੜ੍ਹ, 16 ਸਤੰਬਰ

Advertisement

ਆਉਂਦੇ ਦਿਨਾਂ ’ਚ ਹਰਿਆਣਾ ਚੋਣਾਂ ਕਰਕੇ ਪੰਜਾਬ ਸਿਆਸੀ ਤੌਰ ’ਤੇ ‘ਖ਼ਾਲੀ’ ਰਹੇਗਾ। ਸੂਬੇ ਵਿਚ ਇਨ੍ਹਾਂ ਦਿਨਾਂ ਵਿਚ ਨਾ ਕਿਧਰੇ ਹੂਟਰਾਂ ਦੀ ਗੂੰਜ ਪਏਗੀ ਅਤੇ ਨਾ ਹੀ ਪੁਲੀਸ ਦੇ ਰੂਟ ਲੱਗਣਗੇ। ਪੰਜਾਬ ਦੀ ‘ਆਪ’ ਸਰਕਾਰ ਦੇ ਵਜ਼ੀਰ ਤੇ ਵਿਧਾਇਕ ਕਰੀਬ ਦੋ ਹਫ਼ਤੇ ਹਰਿਆਣਾ ਚੋਣਾਂ ’ਚ ਰੁੱਝੇ ਰਹਿਣਗੇ, ਜਦੋਂ ਕਿ ਕਾਂਗਰਸ ਦੇ ਆਗੂ ਵੀ ਹਰਿਆਣਾ ਵੱਲ ਚਾਲੇ ਪਾ ਚੁੱਕੇ ਹਨ। ਹਰਿਆਣਾ ਵਿਚ ਚੋਣਾਂ 5 ਅਕਤੂਬਰ ਨੂੰ ਹੋਣਗੀਆਂ ਅਤੇ ਆਉਂਦੇ ਦੋ ਦਿਨਾਂ ’ਚ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀ ਤੇ ਵਿਧਾਇਕ ਹਰਿਆਣਾ ’ਚ ਡੇਰੇ ਲਾ ਲੈਣਗੇ।

ਆਮ ਆਦਮੀ ਪਾਰਟੀ ਵੱਲੋਂ ਜੀਂਦ ਵਿਚ ਕੀਤੀ ਮੀਟਿੰਗ ’ਚ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਵਿਧਾਇਕ

ਉੱਧਰ ਕਾਂਗਰਸ ਨੇ ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਹਰਿਆਣਾ ਵਿਚ ਸੀਨੀਅਰ ਨਿਗਰਾਨ ਵਜੋਂ ਤਾਇਨਾਤ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਹਰਿਆਣਾ ਚੋਣਾਂ ਦੇ ਪ੍ਰਚਾਰ ਵਿਚ ਜੁਟੇ ਹੋਏ ਹਨ। ਸਾਬਕਾ ਕਾਂਗਰਸੀ ਵਜ਼ੀਰਾਂ ਦੀ ਤਾਇਨਾਤੀ ਵੀ ਹਰਿਆਣਾ ਦੀ ਪੰਜਾਬੀ ਪੱਟੀ ਵਿਚ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ ਦੇ ਆਗੂਆਂ ਦੀਆਂ ਡਿਊਟੀਆਂ ਵੀ ਹਰਿਆਣਾ ਵਿਚ ਲੱਗੀਆਂ ਹਨ। ਆਉਂਦੇ ਦਿਨਾਂ ਵਿਚ ਪੰਜਾਬ ਵਿਚ ਸਿਆਸੀ ਸਰਗਰਮੀ ਕਾਫ਼ੀ ਘੱਟ ਜਾਵੇਗੀ। ਆਮ ਆਦਮੀ ਪਾਰਟੀ ਦੇ ਸੰਗਠਨ ਸਕੱਤਰ ਸੰਦੀਪ ਪਾਠਕ ਨੇ ਅੱਜ ਜੀਂਦ ’ਚ ਪੰਜਾਬ ਸਰਕਾਰ ਦੇ 8 ਵਜ਼ੀਰਾਂ ਅਤੇ 35 ਦੇ ਕਰੀਬ ਵਿਧਾਇਕਾਂ ਨਾਲ ਮੀਟਿੰਗ ਕੀਤੀ। ਸੰਦੀਪ ਪਾਠਕ ਨੇ ਸੰਖੇਪ ਮੀਟਿੰਗ ਵਿਚ ਵਜ਼ੀਰਾਂ ਤੇ ਵਿਧਾਇਕਾਂ ਨੂੰ 15 ਦਿਨ ਹਰਿਆਣਾ ਚੋਣਾਂ ਵਿਚ ਲਾਉਣ ਲਈ ਕਿਹਾ ਹੈ। ਪਤਾ ਲੱਗਾ ਹੈ ਕਿ ਜਿਨ੍ਹਾਂ ਹਲਕਿਆਂ ਵਿਚ ‘ਆਪ’ ਮੁਕਾਬਲੇ ਦੀ ਸਥਿਤੀ ਵਿਚ ਹੈ, ਉੱਥੇ ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਅੱਜ ਦੀ ਮੀਟਿੰਗ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਹਰਭਜਨ ਸਿੰਘ ਈਟੀਓ ਡਾ. ਬਲਜੀਤ ਕੌਰ, ਕੁਲਦੀਪ ਸਿੰਘ ਧਾਲੀਵਾਲ, ਹਰਜੋਤ ਸਿੰਘ ਬੈਂਸ, ਡਾ. ਬਲਬੀਰ ਸਿੰਘ, ਲਾਲਜੀਤ ਸਿੰਘ ਭੁੱਲਰ ਅਤੇ ਬ੍ਰਹਮ ਸ਼ੰਕਰ ਜਿੰਪਾ ਮੌਜੂਦ ਸਨ। ਆਮ ਆਦਮੀ ਪਾਰਟੀ ਨੇ ਚੋਣਾਂ ਨੂੰ ਲੈ ਕੇ ਹਰਿਆਣਾ ਨੂੰ ਤਿੰਨ ਜ਼ੋਨਾਂ ਵਿਚ ਵੰਡਿਆ ਹੈ। ਆਖ਼ਰੀ ਸੀ-ਜ਼ੋਨ ਦੇ ਹਲਕਿਆਂ ਵਿਚ ਪਾਰਟੀ ਦੇ ਅਹੁਦੇਦਾਰਾਂ ਦੀ ਤਾਇਨਾਤੀ ਕੀਤੀ ਗਈ ਹੈ। ਪੰਜਾਬ ਸਰਕਾਰ ਦੇ ਬੋਰਡਾਂ ਵਿਚ ਨਵੇਂ ਬਣੇ ਚੇਅਰਮੈਨ ਵੀ ਹਰਿਆਣਾ ਵਿਚ ਡਟੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਦੇ ਵਜ਼ੀਰ ਤੇ ਵਿਧਾਇਕ ਦਿਨ ਰਾਤ ਹਰਿਆਣਾ ਵਿਚ ਠਹਿਰਨਗੇ। ਉਧਰ ਅੱਜ ਪੰਜਾਬ ਸਕੱਤਰੇਤ ਵਿਚ ਕੋਈ ਵਜ਼ੀਰ ਅਤੇ ਵਿਧਾਇਕ ਨਜ਼ਰ ਨਹੀਂ ਆਇਆ। ਹਾਲਾਂਕਿ ਆਉਂਦੇ ਹਫ਼ਤਿਆਂ ਵਿਚ ਪੰਜਾਬ ਵਿਚ ਪੰਚਾਇਤ ਚੋਣਾਂ ਵੀ ਹਨ ਅਤੇ ਸੂਬੇ ਦੇ ਚਾਰ ਹਲਕਿਆਂ ਵਿਚ ਜ਼ਿਮਨੀ ਚੋਣਾਂ ਵੀ ਕਿਸੇ ਵੇਲੇ ਵੀ ਸੰਭਵ ਹਨ। ਸੂਬੇ ਦੇ ਵਜ਼ੀਰਾਂ ਦੀ ਤਾਇਨਾਤੀ ਹਰਿਆਣਾ ਵਿਚ ਹੋਣ ਕਰਕੇ ਪੰਜਾਬ ਵਿਚ ਕੰਮ ਕਾਰ ਵੀ ਪ੍ਰਭਾਵਿਤ ਹੋਣਗੇ। ਪੰਜਾਬ ਸਰਕਾਰ ਦੇ ਵੱਡੇ ਹਿੱਸੇ ਦੀ ਗ਼ੈਰਮੌਜੂਦਗੀ ਕਰਕੇ ਅਫ਼ਸਰਸ਼ਾਹੀ ਵੀ ਦੋ ਹਫ਼ਤਿਆਂ ਲਈ ਵਿਹਲੀ ਹੋ ਜਾਵੇਗੀ। ਹਰਿਆਣਾ ਚੋਣਾਂ ਲਈ ਪ੍ਰਚਾਰ 3 ਅਕਤੂਬਰ ਨੂੰ ਖ਼ਤਮ ਹੋਣਾ ਹੈ, ਜਿਸ ਕਰਕੇ ਉਦੋਂ ਤੱਕ ਵਜ਼ੀਰ ਤੇ ਵਿਧਾਇਕ ਹਰਿਆਣਾ ਵਿਚ ਹੀ ਡੇਰਾ ਲਾਉਣਗੇ। ਪਤਾ ਲੱਗਾ ਹੈ ਕਿ ਵਜ਼ੀਰਾਂ ਨੇ ਆਉਂਦੇ ਦਿਨਾਂ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਕਾਂਗਰਸ ਪਾਰਟੀ ਨੇ ਵਜ਼ੀਰਾਂ ਤੇ ਵਿਧਾਇਕਾਂ ਦੀ ਡਿਊਟੀ ਹਰਿਆਣਾ ਵਿਚ ਲਾਏ ਜਾਣ ’ਤੇ ‘ਆਪ’ ਦੀ ਨੁਕਤਾਚੀਨੀ ਕੀਤੀ ਹੈ।

ਪੰਜਾਬ ਭਾਜਪਾ ਦੇ ਆਗੂਆਂ ਦੀ ਵੀ ਲੱਗੀਆਂ ਡਿਊਟੀਆਂ

ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਦੀ ਵੀ ਹਰਿਆਣਾ ’ਚ ਡਿਊਟੀ ਲਗਾਈ ਗਈ ਹੈ, ਜਿਨ੍ਹਾਂ ਵਿਚ ਸਾਬਕਾ ਮੰਤਰੀ ਸੁਰਜੀਤ ਜਿਆਣੀ, ਸੁਭਾਸ਼ ਸ਼ਰਮਾ, ਜੀਵਨ ਗੁਪਤਾ ਅਤੇ ਜੈ ਇੰਦਰ ਕੌਰ ਆਦਿ ਸ਼ਾਮਲ ਹਨ। ਪਤਾ ਲੱਗਾ ਹੈ ਕਿ ਭਾਜਪਾ ਦੇ ਬਹੁਤੇ ਪੰਜਾਬ ਆਗੂਆਂ ਦੀ ਜੰਮੂ ਵਿਚ ਚੋਣ ਡਿਊਟੀ ਲਗਾਈ ਗਈ ਹੈ। ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹਰਿਆਣਾ ਚੋਣਾਂ ਤੋਂ ਦੂਰ ਰਹਿ ਸਕਦਾ ਹੈ। ਅਕਾਲੀ ਦਲ ਇਸ ਵੇਲੇ ਆਪਣੇ ਅੰਦਰੂਨੀ ਕਲੇਸ਼ ਵਿਚ ਉਲਝਿਆ ਹੋਇਆ ਹੈ।

Advertisement
×