ਇਕ ਨਿਗਮ ਵਿਚ ਆਜ਼ਾਦ ਉਮੀਦਵਾਰ ਨੇ ਮੇਅਰ ਦੀ ਚੋਣ ਜਿੱਤੀ; ਕਾਂਗਰਸ ਸਾਰੀਆਂ ਥਾਵਾਂ ਤੋਂ ਪਛੜੀ; ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਵੀ ਭਾਜਪਾ ਦੀ ਚੜ੍ਹਤ
ਆਤਿਸ਼ ਗੁਪਤਾ
ਚੰਡੀਗੜ੍ਹ, 12 ਮਾਰਚ
ਹਰਿਆਣਾ ਦੇ 38 ਸ਼ਹਿਰਾਂ ਵਿੱਚ ਪਿਛਲੇ ਦਿਨੀ ਹੋਈਆਂ 10 ਨਗਰ ਨਿਗਮਾਂ, 4 ਨਗਰ ਕੌਂਸਲਾਂ ਅਤੇ 21 ਮਿਉਂਸਿਪਲ ਕਮੇਟੀਆਂ ਦੀਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਹੁਣ ਤੱਕ 10 ਨਗਰ ਨਿਗਮਾਂ ਵਿੱਚੋਂ 8 ਦੇ ਨਤੀਜੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 7 ਨਿਗਮਾਂ ਦੇ ਮੇਅਰਾਂ ਦੇ ਅਹੁਦੇ ਉਤੇ ਭਾਜਪਾ ਅਤੇ ਇਕ ’ਤੇ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਜਪਾ ਨੇ ਨਗਰ ਨਿਗਮ ਗੁਰੂਗ੍ਰਾਮ, ਰੋਹਤਕ, ਹਿਸਾਰ, ਕਰਨਾਲ, ਅੰਬਾਲਾ, ਸੋਨੀਪਤ ਅਤੇ ਫਰੀਦਾਬਾਅਦ ਵਿੱਚ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਨਗਰ ਨਿਗਮ ਯਮੁਨਾਨਗਰ ਤੇ ਪਾਣੀਪਤ ਵਿੱਚ ਭਾਜਪਾ ਅੱਗੇ ਚੱਲ ਰਹੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਮਾਨੇਸਰ ਵਿੱਚ ਮੇਅਰ ਦੀ ਚੋਣ ਵਿੱਚ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ ਹੈ।
ਹਰਿਆਣਾ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ ਵੀ ਭਾਜਪਾ ਦੀ ਚੜ੍ਹਤ ਦਿਖਾਈ ਦੇ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਨਿਗਮ ਕਰਨਾਲ ਵਿੱਚ ਮੇਅਰ ਦੀ ਚੋਣ ਵਿੱਚ ਭਾਜਪਾ ਉਮੀਦਵਾਰ ਰੇਨੂੰ ਬਾਲਾ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਮਨੋਜ ਵਧਵਾ ਨੂੰ 25 ਹਜ਼ਾਰ ਵੋਟਾਂ ਨਾਲ ਹਰਾ ਦਿੱਤਾ ਹੈ। ਰੇਨੂੰ ਬਾਲਾ ਨੂੰ 83630 ਵੋਟਾਂ ਪਈਆਂ, ਜਦੋਂ ਕਿ ਕਾਂਗਰਸੀ ਉਮੀਦਵਾਰ ਮਨੋਜ ਵਧਵਾ ਨੂੂੰ 58271 ਵੋਟਾਂ ਹੀ ਮਿਲੀਆਂ।
ਨਗਰ ਨਿਗਮ ਅੰਬਾਲਾ ਵਿੱਚ ਮੇਅਰ ਦੀ ਜ਼ਿਮਨੀ ਚੋਣ ਵਿੱਚ ਭਾਜਪਾ ਉਮੀਦਵਾਰ ਸ਼ੈਲਜਾ ਸਚਦੇਵਾ ਨੇ ਆਪਣੀ ਵਿਰੋਧੀ ਕਾਂਗਰਸੀ ਉਮੀਦਵਾਰ ਅਮੀਸ਼ਾ ਚਾਵਲਾ ਨੂੰ 20487 ਵੋਟਾਂ ਨਾਲ ਹਰਾਇਆ ਹੈ। ਸ਼ੈਲਜਾ ਸਚਦੇਵਾ ਨੂੰ 40620 ਵੋਟਾਂ ਪਈਆਂ ਅਤੇ ਕਾਂਗਰਸੀ ਉਮੀਦਵਾਰ ਅਮੀਸ਼ਾ ਚਾਵਲਾ ਨੂੰ 20133 ਵੋਟਾਂ ਪਈਆਂ।
ਸੋਨੀਪਤ ਨਗਰ ਨਿਗਮ ਵਿੱਚ ਭਾਜਪਾ ਉਮੀਦਵਾਰ ਰਾਜੀਵ ਜੈਨ ਨੇ 34749 ਵੋਟਾਂ ਦੇ ਫਰਕ ਨਾਲ ਕਾਂਗਰਸ ਉਮੀਦਵਾਰ ਕਮਲ ਦੀਵਾਨ ਨੂੰ ਹਰਾ ਦਿੱਤਾ ਹੈ। ਰਾਜੀਵ ਜੈਨ ਨੂੰ 57858 ਅਤੇ ਕਾਂਗਰਸ ਉਮੀਦਵਾਰ ਕਮਲ ਦੀਵਾਨ ਨੂੰ 23109 ਵੋਟਾਂ ਪਈਆਂ ਹਨ।
ਨਗਰ ਨਿਗਮ ਰੋਹਤਕ ਵਿੱਚ ਭਾਜਪਾ ਉਮੀਦਵਾਰ ਰਾਮ ਅਵਤਾਰ ਵਾਲਮੀਕੀ ਨੇ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਸੂਰਜਮਲ ਕਿਲੋਈ ਨੂੰ 45198 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ। ਭਾਜਪਾ ਉਮੀਦਵਾਰ ਰਾਮ ਅਵਤਾਰ ਵਾਲਮੀਕੀ ਨੂੰ 102269 ਵੋਟਾਂ ਪਈਆਂ, ਜਦੋਂ ਕਿ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਸੂਰਜਮਲ ਕਿਲੋਈ ਨੂੰ 57071 ਵੋਟਾਂ ਪਈਆਂ ਹਨ।
ਨਗਰ ਨਿਗਮ ਮਾਨੇਸਰ ਵਿੱਚ ਮੇਅਰ ਦੀ ਚੋਣ ਵਿੱਚ ਆਜ਼ਾਦ ਉਮੀਦਵਾਰ ਡਾ. ਇੰਦਰਜ ਯਾਦਵ ਨੇ ਭਾਜਪਾ ਉਮੀਦਵਾਰ ਸੁੰਦਰ ਲਾਲ ਤੋਂ 2293 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਡਾ. ਇੰਦਰਜੀਤ ਯਾਦਵ ਨੂੰ 26393 ਵੋਟਾਂ ਪਈਆਂ, ਜਦੋਂ ਕਿ ਭਾਜਪਾ ਉਮੀਦਵਾਰ ਸੁੰਦਰ ਲਾਲ ਨੂੰ 24100 ਵੋਟਾਂ ਪਈਆਂ। ਫਰੀਦਾਬਾਦ ਤੋਂ ਭਾਜਪਾ ਦੀ ਪ੍ਰਵੀਨ ਜੋਸ਼ੀ ਮੇਅਰ ਚੁਣੀ ਗਈ ਹੈ।
ਸਿਰਸਾ ’ਚ ਭਾਜਪਾ-ਹਲੋਪਾ ਦਾ ਉਮੀਦਵਾਰ ਚੇਅਰਮੈਨ ਦੀ ਚੋਣ ਜਿੱਤਿਆ
32 ਵਾਰਡਾਂ ਚੋਂ 21 ਵਾਰਡਾਂ ’ਚ ਭਾਜਪਾ ਹਮਾਇਤੀ ਮੈਂਬਰ ਜਿੱਤੇ, 9 ਵਾਰਡਾਂ ’ਚ ਕਾਂਗਰਸ ਹਮਾਇਤੀਆਂ ਨੂੰ ਮਿਲੀ ਜਿੱਤ
ਪ੍ਰਭੂ ਦਿਆਲ
ਸਿਰਸਾ: ਨਗਰ ਕੌਂਸਲ ਦੀਆਂ ਚੋਣਾਂ ’ਚ ਭਾਜਪਾ ਤੇ ਹਲੋਪਾ ਹਮਾਇਤੀ ਉਮੀਦਵਾਰਾਂ ਨੂੰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਨਗਰ ਕੌਂਸਲ ਸਿਰਸਾ ਦੇ ਚੇਅਰਮੈਨ ਦੇ ਅਹੁਦੇ ਲਈ ਜਿਥੇ ਭਾਜਪਾ ਤੇ ਹਲੋਪਾ ਉਮੀਦਵਾਰ ਸ਼ਾਂਤੀ ਸਰੂਪ ਨੇ ਜਿੱਤ ਪ੍ਰਾਪਤ ਕੀਤੀ ਹੈ, ਉਥੇ ਹੀ ਸ਼ਹਿਰ ਦੇ 32 ਵਾਰਡਾਂ ’ਚੋਂ 21 ’ਚ ਭਾਜਪਾ ਤੇ ਹਲੋਪਾ ਹਮਾਇਤੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋਂਕਿ 9 ਵਾਰਡਾਂ ’ਚ ਕਾਂਗਰਸ ਹਮਾਇਤੀ ਤੇ ਇਕ ਵਾਰਡ ’ਚ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ।
ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਚੇਅਰਮੈਨ ਦੇ ਅਹੁਦੇ ਲਈ ਭਾਜਪਾ ਤੇ ਹਰਿਆਣਾ ਲੋਕਹਿਤ ਪਾਰਟੀ (ਹਲੋਪਾ) ਨੇ ਆਪਣਾ ਸਾਂਝਾ ਉਮੀਦਵਾਰ ਸ਼ਾਂਤੀ ਸਰੂਪ ਨੂੰ ਮੈਦਾਨ ’ਚ ਉਤਾਰਿਆ ਸੀ, ਜੋ 12379 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਸ਼ਾਂਤੀ ਸਰੂਪ ਨੂੰ ਕੁੱਲ 41016 ਵੋਟਾਂ ਪ੍ਰਾਪਤ ਹੋਈਆਂ ਜਦੋਂਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਕਾਂਗਰਸ ਹਮਾਇਤੀ ਉਮੀਦਵਾਰ ਜਸਵਿੰਦਰ ਕੌਰ ਨੂੰ 28682 ਵੋਟ ਪ੍ਰਾਪਤ ਹੋਏ।
ਇਸੇ ਤਰ੍ਹਾਂ ਚੇਅਰਮੈਨ ਦੇ ਅਹੁਦੇ ਲਈ ਬਾਕੀ ਉਮੀਦਵਾਰਾਂ ਵਿਚੋਂ ਓਮ ਪ੍ਰਕਾਸ਼ ਨੂੰ 3037, ਕਵਿਤਾ ਰਾਣੀ ਨੂੰ 1462, ਪ੍ਰਵੀਨ ਕੁਮਾਰ ਨੂੰ 1676, ਅਸ਼ੋਕ ਕੁਮਾਰ 801 ਅਤੇ ਰਾਜਿੰਦਰ ਕੁਮਾਰ (ਰਾਜੂ) ਨੂੰ 12705 ਵੋਟ ਪਈਆਂ ਹਨ।