ਲਾਡਵਾ ਹਲਕੇ ਤੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜੇਤੂ
Haryana CM Nayab Singh Saini registers victory from Ladwa: ਸੈਣੀ ਨੇ ਜਿੱਤ ਦਾ ਸਿਹਰਾ ਮੋਦੀ ਨੂੰ ਦਿੱਤਾ
ਸਤਨਾਮ ਸਿੰਘ/ਏਐੱਨਆਈ
ਸ਼ਾਹਬਾਦ/ਕੁਰੂਕਸ਼ੇਤਰ, 8 ਅਕਤੂਬਰ
Haryana Election Results 2024: ਹਰਿਆਣਾ ਦੇ ਮੁੱਖ ਮੰਤਰੀ ਤੇ ਲਾਡਵਾ ਹਲਕੇ ਤੋਂ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਨੇ ਹਲਕੇ ਤੋਂ 16054 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਕਾਂਗਰਸ ਦੇ ਉਮੀਦਵਾਰ ਮੇਵਾ ਸਿੰਘ ਅਤੇ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਚੀਮਾ ਨੂੰ ਹਰਾਇਆ ਹੈ।
ਆਪਣੀ ਅਤੇ ਖ਼ਾਸਕਰ ਸੂਬੇ ਵਿਚ ਭਾਜਪਾ ਨੂੰ ਜੇਤੂ ਲੀਡ ਮਿਲਣ ਉਤੇ ਸ੍ਰੀ ਸੈਣੀ ਨੇ ਹਰਿਆਣਾ ਦੇ 2.80 ਕਰੋੜ ਵਾਸੀਆਂ ਦਾ ‘ਤਹਿਦਿਲੋਂ’ ਧੰਨਵਾਦ ਕੀਤਾ ਹੈ। ਉਨ੍ਹਾਂ ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ।
ਇਸ ਮੌਕੇ ਉਨ੍ਹਾਂ ਕਿਹਾ, ‘‘ਮੈਂ ਲਗਾਤਾਰ ਤੀਜੀ ਵਾਰ ਭਾਜਪਾ ਦੇ ਕੰਮਾਂ ਨੂੰ ਮਾਨਤਾ ਦੇਣ ਲਈ ਹਰਿਆਣਾ ਦੇ 2.80 ਕਰੋੜ ਲੋਕਾਂ ਦਾ ਧੰਨਵਾਦ ਕਰਦਾ ਹਾਂ। ਇਹ ਜਿੱਤ ਸਿਰਫ਼ ਪ੍ਰਧਾਨ ਮੰਤਰੀ (ਨਰਿੰਦਰ) ਮੋਦੀ ਸਦਕਾ ਹੈ। ਅਸੀਂ ਉਨ੍ਹਾਂ ਦੀ ਲੀਡਰਸ਼ਿਪ ਹੇਠ ਅੱਗੇ ਵਧ ਰਹੇ ਹਾਂ। ਉਨ੍ਹਾਂ ਮੇਰੇ ਨਾਲ ਗੱਲ ਕਰ ਕੇ ਆਪਣਾ ਆਸ਼ੀਰਵਾਦ ਦਿੱਤਾ ਹੈ। ਮੈਨੂੰ ਵਿਸ਼ਵਾਸ ਸੀ ਕਿ ਹਰਿਆਣਾ ਦੇ ਗ਼ਰੀਬ, ਕਿਸਾਨ ਅਤੇ ਨੌਜਵਾਨ ਮੇਰੀ ਹਮਾਇਤ ਕਰਨਗੇ ਅਤੇ ਇਸੇ ਭਰੋਸੇ ਨਾਲ ਮੈਨੂੰ ਯਕੀਨ ਸੀ ਕਿ ਭਾਜਪਾ ਤੀਜੀ ਵਾਰ ਚੋਣਾਂ ਜਿੱਤ ਲਵੇਗੀ।’’

