Gurugram Xodus: ਬੰਗਲਾਦੇਸ਼ੀਆਂ ਦੀ ਜਾਂਚ ਕਾਰਨ ਪਰਵਾਸੀ ਮਜ਼ਦੂਰਾਂ ਦੀ ਵਿਆਪਕ ਹਿਜਰਤ; ਗੁਰੂਗ੍ਰਾਮ ’ਚ ਕਿਰਤੀਆਂ ਦੀ ਕਮੀ ਰੜਕਣ ਲੱਗੀ
ਗੁਰੂਗ੍ਰਾਮ ਪੁਲੀਸ ਵੱਲੋਂ ਗੈਰਕਾਨੂੰਨੀ ਬੰਗਲਾਦੇਸ਼ੀ ਪਰਵਾਸੀਆਂ ਦਾ ਪਤਾ ਲਾਉਣ ਦੀ ਛੇੜੀ ਗਈ ਮੁਹਿੰਮ ਨੇ ਇਥੇ ਪਰਵਾਸੀ ਮਜ਼ਦੂਰਾਂ ਵਿਚ ਵਿਆਪਕ ਹਿਜਰਤ ਦਾ ਮੁੱਢ ਬੰਨ੍ਹ ਦਿੱਤਾ ਹੈ ਅਤੇ ਸੈਂਕੜੇ ਲੋਕ ਤਸਦੀਕ ਤੋਂ ਬਚਣ ਲਈ ਸ਼ਹਿਰ ਛੱਡ ਕੇ ਭੱਜ ਰਹੇ ਹਨ। ਇਨ੍ਹਾਂ ਪਰਵਾਸੀਆਂ ਵਿੱਚੋਂ ਜ਼ਿਆਦਾਤਰ ਬੰਗਾਲ ਦੇ ਮਾਲਦਾ, ਦੱਖਣੀ ਦਿਨਾਜਪੁਰ, ਉੱਤਰੀ ਦਿਨਾਜਪੁਰ, ਨਾਦੀਆ, ਮੁਰਸ਼ੀਦਾਬਾਦ, ਕੂਚ ਬਿਹਾਰ ਅਤੇ ਉੱਤਰੀ 24 ਪਰਗਣਾ ਜ਼ਿਲ੍ਹਿਆਂ ਨਾਲ ਸਬੰਧਤ ਹੋਣ ਦਾ ਦਾਅਵਾ ਕਰਦੇ ਹਨ।
ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਬੰਗਲਾਦੇਸ਼ੀਆਂ ਨਾਲ ਭਾਸ਼ਾ ਦੇ ਮੇਲ ਕਾਰਨ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹ ਵਿਸ਼ੇਸ਼ ਰਾਤ ਦੀਆਂ ਬੱਸਾਂ ਦਾ ਪ੍ਰਬੰਧ ਕਰ ਰਹੇ ਹਨ, ਭਾਵੇਂ ਕਿ ਇਸ ਲਈ ਉਨ੍ਹਾਂ ਨੂੰ ਤਿੰਨ ਗੁਣਾ ਤੱਕ ਵੱਧ ਕਿਰਾਇਆ ਦੇਣਾ ਪੈ ਰਿਹਾ ਹੈ। ਜ਼ਿਆਦਾਤਰ ਮਜ਼ਦੂਰ ਬਸਤੀਆਂ ਹੁਣ ਖਾਲੀ ਕਰ ਦਿੱਤੀਆਂ ਗਈਆਂ ਹਨ। ਸੂਤਰਾਂ ਨੇ ਦਾਅਵਾ ਕੀਤਾ ਕਿ ਇਨ੍ਹਾਂ ਪਰਵਾਸੀਆਂ ਨੂੰ ਕੁਝ ਸਮੇਂ ਤੋਂ ਬੰਗਾਲ ਤੋਂ ਗੁਰੂਗ੍ਰਾਮ ਛੱਡ ਜਾਣ ਦੇ ਸੁਨੇਹੇ ਮਿਲ ਰਹੇ ਸਨ।
ਬੁਪਿਨ ਸ਼ੇਖ, ਜੋ 20 ਜੁਲਾਈ ਨੂੰ ਸ਼ਹਿਰ ਛੱਡ ਗਿਆ ਸੀ, ਨੇ ਕਿਹਾ, "ਮੇਰੇ ਭਰਾ ਨੂੰ ਇੱਕ ਸਕ੍ਰੈਪ ਯਾਰਡ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਮਾਨੇਸਰ ਕਮਿਊਨਿਟੀ ਸੈਂਟਰ ਲਿਜਾਇਆ ਗਿਆ ਹੈ। ਉਸ ਦੇ ਫੋਨ 'ਚ ਉਸ ਦੇ ਆਧਾਰ ਕਾਰਡ ਅਤੇ ਵੋਟਰ ਕਾਰਡ ਦੀ ਫੋਟੋ ਸੀ। ਪਰ, ਪੁਲੀਸ ਨੇ ਉਸ ਨੂੰ ਕਿਹਾ ਕਿ ਉਹ ਇਨ੍ਹਾਂ ਦੀਆਂ ਹਾਰਡ ਕਾਪੀਆਂ ਸਣੇ ਆਪਣੇ ਸਾਰੇ ਪਰਿਵਾਰ ਨੂੰ ਪੁਲੀਸ ਕੋਲ ਸੱਦੇ। ਖ਼ਤਰਾ ਭਾਂਪਦਿਆਂ ਮੇਰੇ ਭਰਾ ਨੇ ਸਾਨੂੰ ਸਾਰਿਆਂ ਨੂੰ ਬੰਗਾਲ ਪਰਤ ਜਾਣ ਲਈ ਕਿਹਾ ਅਤੇ ਆਪਣੇ ਦਸਤਾਵੇਜ਼ ਆਪਣੇ ਮਾਲਕ ਰਾਹੀਂ ਭੇਜਣ ਲਈ ਕਿਹਾ।’’
ਉਸ ਨੇ ਕਿਹਾ, ‘‘ਪੁਲੀਸ ਸਾਨੂੰ ਸਾਰਿਆਂ ਨੂੰ ਹਿਰਾਸਤ ਵਿੱਚ ਲੈਣਾ ਚਾਹੁੰਦੀ ਸੀ। ਉਹ ਕੁਝ ਨਹੀਂ ਪੁੱਛ ਰਹੇ ਹਨ, ਸਿਰਫ਼ ਸਾਨੂੰ ਚੁੱਕ ਰਹੇ ਹਨ। ਸਾਨੂੰ ਮਾਲਦਾ ਵਿੱਚ ਸਾਡੇ ਪਿੰਡ ਦੇ ਸਰਪੰਚ ਤੋਂ ਇੱਕ ਸੁਨੇਹਾ ਵੀ ਮਿਲਿਆ, ਜਿਸ ਨੇ ਸਾਨੂੰ ਸਾਰਿਆਂ ਨੂੰ ਬੰਗਾਲ ਪਰਤ ਆਉਣ ਲਈ ਕਿਹਾ ਹੈ। ਅਸੀਂ ਕੁੱਲ 30 ਵਿਅਕਤੀ ਹਾਂ ਅਤੇ 50,000 ਰੁਪਏ ਵਿੱਚ ਇੱਕ ਬੱਸ ਕਿਰਾਏ 'ਤੇ ਲਈ ਹੈ।"
ਘਬਰਾਹਟ ਦੀ ਪੁਸ਼ਟੀ ਕਰਦਿਆਂ ਗੁਰੂਗ੍ਰਾਮ ਪੁਲੀਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਕਿਹਾ ਕਿ ਪੁਲੀਸ ‘ਨੌਕਰਾਂ ਸਬੰਧੀ ਸੰਕਟ’ ਬਾਰੇ ਕਾਲਾਂ ਨਾਲ ਭਰੀ ਹੋਈ ਹੈ। ਸੈਨੀਟੇਸ਼ਨ ਠੇਕੇਦਾਰ, RWA ਮੈਂਬਰ ਅਤੇ ਹੋਰ ਲੋਕ ਆਪਣੇ ਕਰਮਚਾਰੀਆਂ ਲਈ ਭਰੋਸਾ ਦੇਣ ਲਈ ਸੈਕਟਰ 10 ਅਤੇ 40 ਦੇ "ਹੋਲਡ-ਅੱਪ" ਕੇਂਦਰਾਂ ਤੱਕ ਪਹੁੰਚ ਰਹੇ ਹਨ। ਪੁਲੀਸ ਸੋਸ਼ਲ ਮੀਡੀਆ ਦੀਆਂ ‘ਅਫਵਾਹਾਂ’ ਅਤੇ ‘ਬਹੁਤ ਵਧਾ-ਚੜ੍ਹਾ ਕੇ ਦੱਸੇ ਗਏ’ ਹਿਰਾਸਤ ਦੇ ਅੰਕੜਿਆਂ ਨੂੰ ਦਹਿਸ਼ਤ ਦੇ ਮੁੱਖ ਕਾਰਨ ਮੰਨ ਰਹੀ ਹੈ।
ਪੁਲੀਸ ਦਾਅਵਾ ਕਰਦੀ ਹੈ ਕਿ ਅਜਿਹੇ ਕੇਂਦਰਾਂ ਵਿੱਚ ਸਿਰਫ਼ 25 ਵਿਅਕਤੀ ਸਨ।
ਦੂਜੇ ਪਾਸੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਦਾਅਵਾ ਹੈ ਕਿ ਇਹ ਗਿਣਤੀ 52 ਹੈ, ਜਦੋਂ ਕਿ ਅਜਿਹੇ ਕੇਂਦਰਾਂ ਵਿਚਲੇ ਲੋਕ ਦਾਅਵਾ ਕਰਦੇ ਹਨ ਕਿ ਇਹ ਗਿਣਤੀ 200 ਤੋਂ ਵੱਧ ਹੈ। ਮੁੱਖ ਮੰਤਰੀ ਬੈਨਰਜੀ ਨੇ ਮੰਗਲਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਸੇਧਿਆ ਸੀ ਕਿ ਗੁਰੂਗ੍ਰਾਮ ਪ੍ਰਸ਼ਾਸਨ ਨੇ 52 ਬੰਗਾਲੀ ਭਾਸ਼ੀ ਪਰਵਾਸੀ ਮਜ਼ਦੂਰਾਂ ਨੂੰ ਸ਼ੱਕ ਦੇ ਆਧਾਰ 'ਤੇ ਹਿਰਾਸਤ ਵਿੱਚ ਲਿਆ ਹੈ ਕਿ ਉਹ ਬੰਗਲਾਦੇਸ਼ ਤੋਂ ਆਏ ਗੈਰਕਾਨੂੰਨੀ ਪ੍ਰਵਾਸੀ ਹਨ ਅਤੇ ਬੰਗਾਲ ਦੇ ਅਧਿਕਾਰੀਆਂ ਤੋਂ ਪਿਛੋਕੜ ਤਸਦੀਕ ਰਿਪੋਰਟਾਂ ਮੰਗੀਆਂ ਹਨ।
ਸੰਦੀਪ ਕੁਮਾਰ ਨੇ ਕਿਹਾ,“ਅਸੀਂ ਅਧਿਕਾਰਤ ਆਦੇਸ਼ਾਂ ਅਨੁਸਾਰ ਚੱਲ ਰਹੇ ਹਾਂ। ਅਸੀਂ ਸਿਰਫ਼ ਉਨ੍ਹਾਂ ਲੋਕਾਂ ਨੂੰ ਚੁੱਕ ਰਹੇ ਹਾਂ ਜੋ ਸ਼ੱਕੀ ਦਿਖਾਈ ਦਿੰਦੇ ਹਨ। ਅਸੀਂ ਉਨ੍ਹਾਂ ਦੇ ਦਸਤਾਵੇਜ਼ ਲੈਂਦੇ ਹਾਂ ਅਤੇ ਉਨ੍ਹਾਂ ਦੀ ਤਸਦੀਕ ਉਸ ਖੇਤਰ ਤੋਂ ਕਰਵਾਉਂਦੇ ਹਾਂ ਜਿਸ ਤੋਂ ਉਹ ਆਪਣੇ ਆਪ ਨੂੰ ਹੋਣ ਦਾ ਦਾਅਵਾ ਕਰਦੇ ਹਨ ਅਤੇ ਫਿਰ ਉਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ।’’