ਸ਼ਾਹਬਦ ਦੇ ਮਾਰਕੰਡੇਸ਼ਵ ਮੰਦਰ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਸਮਾਰੋਹ ਦੀ ਸਮਾਪਤੀ ਮੌਕੇ ਦੀਪ ਉਤਸਵ ਕਰਵਾਇਆ ਗਿਆ ਜਿਸ ਵਿੰਚ ਆਯੂਸ਼ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਬਲਦੇਵ ਕੁਮਾਰ ਧੀਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਮਹਾਨ ਗੀਤਾ ਗ੍ਰੰਥ ਦੀਆਂ ਸਿੱਖਿਆਵਾਂ ਅੱਜ ਦੀ ਨੌਜਵਾਨ ਪੀੜ੍ਹੀ ਲਈ ਬਹੁਤ ਮਹੱਤਵਪੂਰਨ ਹਨ। ਗੀਤਾ ਸਾਨੂੰ ਆਦਰਸ਼ ਵਿਅਕਤੀ ਬਣਨ ਲਈ ਪ੍ਰੇਰਿਤ ਕਰਦੀ ਹੈ ਤੇ ਇਕ-ਦੂਜੇ ਨਾਲ ਜੁੜਨਾ ਸਿਖਾਉਂਦੀ ਹੈ। ਵਿਸ਼ੇਸ਼ ਮਹਿਮਾਨ ਡਾ. ਹੇਤਲ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਸ਼ਾਹਬਾਦ ਵਿਚ ਪਹਿਲੀ ਵਾਰ ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਸਮਾਰੋਹ ਕਰਵਾਇਆ ਗਿਆ। ਇਹ ਰੌਸ਼ਨੀਆਂ ਦਾ ਤਿਉਹਾਰ ਲਗਪਗ 5100 ਦੀਵੇ ਜਗਾ ਕੇ ਮਨਾਇਆ ਗਿਆ। ਇਸ ਤੋਂ ਪਹਿਲਾਂ ਗੀਤਾ ਆਰਤੀ ਵਿਚ ਸਾਰੇ ਮਹਿਮਾਨਾਂ ਤੇ ਹੋਰ ਪਤਵੰਤਿਆਂ ਨੇ ਹਿੱਸਾ ਲਿਆ। ਭਾਪਾ ਆਗੂ ਸੁਭਾਸ਼ ਕਲਸਾਣਾ ਨੇ ਕਿਹਾ ਕਿ ਪਹਿਲੀ ਵਾਰ ਸ਼ਾਹਬਾਦ ਵਿਚ ਚਾਰ ਰੋਜ਼ਾ ਗੀਤਾ ਜੈਅੰਤੀ ਸਮਾਰੋਹ ਕਰਵਾਇਆ ਗਿਆ ਹੈ ਜਿਸ ਵਿੱਚ ਗੀਤਾ ’ਤੇ ਸੈਮੀਨਾਰ, ਸਭਿਆਚਾਰਕ ਪ੍ਰੋਗਰਾਮ, ਗੀਤਾ ਯੱਗ, ਜਲੂਸ, ਗੀਤਾ ਆਰਤੀ ਤੇ ਵੱਖ-ਵੱਖ ਬੱਚਿਆਂ ਦੇ ਮੁਕਾਬਲੇ ਕਰਾਏ ਗਏ ਸਨ। ਮੁੱਖ ਮਹਿਮਾਨ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦਾ ਸੰਚਾਲਨ ਏ ਪੀ ਆਰ ਓ ਬਲਰਾਮ ਸ਼ਰਮਾ ਨੇ ਕੀਤਾ। ਇਸ ਮੌਕੇ ਐੱਸ ਡੀ ਐੱਮ ਸ਼ਾਹਬਾਦ ਚਿਨਾਰ ਸੰਸਨਵਾਲ, ਸੰਜੀਵ ਸਪੜਾ, ਰਾਜਨ ਸਪੜਾ, ਪੰਡਿਤ ਸੰਜੈ ਸ਼ਰਮਾ ਤੇ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧ, ਉਪ ਮੰਡਲ ਦੇ ਪ੍ਰਸਾਸ਼ਨਿਕ ਅਧਿਕਾਰੀ, ਪਤਵੰਤੇ ਤੇ ਵੱਡੀ ਗਿਣਤੀ ਵਿਚ ਬੱਚੇ ਮੌਜੂਦ ਸਨ।

