ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੰਡਿਆਲੀ ਤਾਰ ਦੇ ਪਾਰ ਖੇਤੀ ਲਈ ਅੱਜ ਖੁੱਲ੍ਹਣਗੇ ਗੇਟ

ਬੀਐੱਸਐੱਫ ਨੇ ਕਿਸਾਨਾਂ ਨੂੰ ਦਿੱਤਾ ਭਰੋਸਾ ;ਮੰਤਰੀ ਧਾਲੀਵਾਲ ਨੇ ਦਿੱਤੀ ਜਾਣਕਾਰੀ
Advertisement

ਜਗਤਾਰ ਸਿੰਘ ਲਾਂਬਾ/ਰਾਜਨ ਮਾਨ/ਸੁਖਦੇਵ ਸਿੰਘ ਅਜਨਾਲਾ

ਅੰਮ੍ਰਿਤਸਰ/ਰਮਦਾਸ/ਅਜਨਾਲਾ, 19 ਮਈ

Advertisement

ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਹੋਣ ਮਗਰੋਂ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਵਿੱਚ ਖੇਤੀ ਕਰਨ ਵਾਸਤੇ ਗੇਟ ਭਲਕੇ ਮੰਗਲਵਾਰ ਤੋਂ ਖੋਲ੍ਹ ਦਿੱਤੇ ਜਾਣਗੇ। ਇਹ ਜਾਣਕਾਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦਿੱਤੀ। ਇਸ ਤੋਂ ਇਲਾਵਾ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਵੀ ਦੱਸਿਆ ਕਿ ਬੀਐੱਸਐੱਫ ਨੇ ਕਿਸਾਨਾਂ ਨੂੰ ਕੰਡਿਆਲੀ ਤਾਰ ਦੇ ਪਾਰ ਖੇਤੀ ਲਈ ਭਲਕੇ ਤੋਂ ਗੇਟ ਖੁੋਲ੍ਹਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕਿਸਾਨ ਆਗੂਆਂ ਦਾ ਇਕ ਵਫ਼ਦ ਬੀਐੱਸਐੱਫ ਦੇ ਅਧਿਕਾਰੀਆਂ ਨੂੰ ਮਿਲਿਆ ਸੀ ਅਤੇ ਉਨ੍ਹਾਂ ਨੂੰ ਗੋਲੀਬੰਦੀ ਤੋਂ ਬਾਅਦ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਖੇਤਾਂ ਵਿੱਚ ਕੰਮ ਕਰਨ ਦੀ ਆਗਿਆ ਦੇਣ ਦੀ ਪ੍ਰਵਾਨਗੀ ਦੇਣ ਲਈ ਆਖਿਆ ਸੀ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਨੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ’ਤੇ ਖੇਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਕਿਸਾਨਾਂ ਦੇ ਵਫ਼ਦ ਨੇ ਮੰਗ ਕੀਤੀ ਸੀ ਕਿ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ’ਤੇ ਕਣਕ ਦੀ ਕਟੀ ਹੋਈ ਫ਼ਸਲ ਦੇ ਰਹਿੰਦ-ਖੂੰਹਦ ਦੀ ਤੂੜੀ ਤਿਆਰ ਕਰਨ ਅਤੇ ਝੋਨੇ ਦੀ ਫ਼ਸਲ ਵਾਸਤੇ ਪਨੀਰੀ ਤਿਆਰ ਕਰਨ ਦੀ ਲੋੜ ਹੈ। ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਰਹੱਦ ’ਤੇ ਸ਼ਾਹਪੁਰ ਚੌਕੀ ਵਿਖੇ ਪਹੁੰਚ ਕੇ ਬੀਐੱਸਐੱਫ ਦੇ ਜਵਾਨਾਂ ਨੂੰ ਮਿਠਾਈਆਂ ਅਤੇ ਫਲਾਂ ਦੇ ਟੋਕਰੇ ਭੇਟ ਕੀਤੇ ਅਤੇ ਦੇਸ਼ ’ਤੇ ਆਏ ਸੰਕਟ ਸਮੇਂ ਜਵਾਨਾਂ ਵੱਲੋਂ ਸਰਹੱਦ ਉੱਤੇ ਸਖ਼ਤੀ ਨਾਲ ਪਹਿਰਾ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਰਹੱਦ ਉੱਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਬੀਐੱਸਐੱਫ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਅਤੇ ਬੀਐੱਸਐੱਫ ਨੇ ਕਿਸਾਨਾਂ ਵਾਸਤੇ ਭਲਕੇ ਤੋਂ ਗੇਟ ਖੋਲ੍ਹਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਆਪਣੇ ਖੇਤਾਂ ਵਿੱਚ ਜਾ ਕੇ ਕੰਮ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਵਧਣ ਮਗਰੋਂ ਸਰਹੱਦ ’ਤੇ ਗੇਟ ਬੰਦ ਕਰ ਦਿੱਤੇ ਗਏ ਸਨ ਅਤੇ ਆਵਾਜਾਈ ਬੰਦ ਕਰ ਦਿੱਤੀ ਗਈ ਸੀ। ਦੱਸਣਯੋਗ ਹੈ ਕਿ ਪੰਜਾਬ ਵਿੱਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਲਗਭਗ 532 ਕਿਲੋਮੀਟਰ ਖੇਤਰ ਵਿੱਚ 30 ਹਜ਼ਾਰ ਏਕੜ ਤੋਂ ਵੱਧ ਵਾਹੀਯੋਗ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੈ। ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਹੋਣ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਕਰਨ ਵਿੱਚ ਕਈ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।

Advertisement