ਦੋਪਹੀਆ ਵਾਹਨ ਚੋਰੀ ਕਰਨ ਵਾਲਾ ਗਰੋਹ ਕਾਬੂ; ਪੰਜ ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ
ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 10 ਜੁਲਾਈ
ਮੁਹਾਲੀ ਦੇ ਬਲੌਂਗੀ ਥਾਣੇ ਦੀ ਪੁਲੀਸ ਨੇ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਇੱਕ ਗਰੋਹ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਉਨ੍ਹਾਂ ਕੋਲੋਂ ਸੱਤ ਦੋ ਪਹੀਆ ਵਾਹਨ ਬਰਾਮਦ ਕੀਤੇ ਹਨ। ਥਾਣਾ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਏਐੱਸਆਈ ਸੁਰਜੀਤ ਸਿੰਘ ਅਤੇ ਸੁਖਮਿੰਦਰ ਸਿੰਘ ਤੇ ਆਧਾਰਿਤ ਪੁਲੀਸ ਪਾਰਟੀ ਨੂੰ ਇਹ ਇਤਲਾਹ ਮਿਲੀ ਸੀ ਕਿ ਗੁਰਦੀਪ ਅਤੇ ਰਜਨੀਸ਼ ਨਾਮੀਂ ਵਿਅਕਤੀ ਚੋਰੀ ਦਾ ਮੋਟਰਸਾਈਕਲ ਲਈ ਘੁੰਮ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਦੋਹਾਂ ਨੂੰ ਤੁਰੰਤ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮਨਪ੍ਰੀਤ ਨਾਮੀਂ ਯੁਵਕ ਦਾ ਨਾਮ ਵੀ ਸਾਹਮਣੇ ਆਇਆ, ਜਿਸ ਉੱਤੇ ਪਹਿਲਾਂ ਵੀ ਚੋਰੀ ਦਾ ਮੁੱਕਦਮਾ ਦਰਜ ਹੈ। ਥਾਣਾ ਮੁਖੀ ਨੇ ਦੱਸਿਆ ਕਿ ਤਿੰਨਾਂ ਨੇ ਦੱਸਿਆ ਕਿ ਉਹ ਬਲੌਂਗੀ ਖੇਤਰ ਵਿਚੋਂ ਮੋਟਰਸਾਈਕਲ ਚੋਰੀ ਕਰਕੇ, ਇਨ੍ਹਾਂ ਨੂੰ ਜ਼ੀਰਕਪੁਰ ਦੇ ਇਕ ਕਬਾੜੀਏ ਕੋਲ ਵੇਚਦੇ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਜ਼ੀਰਕਪੁਰ ਦੇ ਕਬਾੜੀਏ ਪ੍ਰਦੀਪ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ ਚਾਰਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਕੋਲੋਂ ਵੱਖ-ਵੱਖ ਕਿਸਮਾਂ ਦੇ ਪੰਜ ਮੋਟਰਸਾਈਕਲ ਅਤੇ ਦੋ ਐਕਟਿਵਾ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।