ਆਦਰਸ਼ ਸੀਨੀਅਰ ਸੈਕੰਡਰੀ ਸਕੂਲ, ਬਰਗਾਟ ਜੱਟਾਂ ਨੇ ਗਾਂਧੀ ਜੈਅਂਤੀ ਅਤੇ ਦਸਹਿਰੇ ਨੂੰ ਮਨਾਉਣ ਲਈ ਵੱਖ-ਵੱਖ ਗਤੀਵਿਧੀਆਂ ਤਹਿਤ ਸਮਾਗਮ ਕਰਵਾਇਆ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਨਾਲ ਪ੍ਰੋਗਰਾਮ ਸਫਲ ਤਰੀਕੇ ਨੇਪਰੇ ਚੜ੍ਹਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਪ੍ਰਸ਼ਾਸਕ ਸੋਹਨ ਲਾਲ ਸੈਣੀ ਅਤੇ ਪ੍ਰਿੰਸੀਪਲ ਰੌਬਿਨ ਕੁਮਾਰ ਨੇ ਮਹਾਤਮਾ ਗਾਂਧੀ ਦੀ ਤਸਵੀਰ ’ਤੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਫਿਰ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਤਮਾ ਗਾਂਧੀ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ। ਸੱਚ ਅਤੇ ਅਹਿੰਸਾ ਦੇ ਉਨ੍ਹਾਂ ਦੇ ਸਿਧਾਂਤ ਅੱਜ ਵੀ ਓਨੇ ਹੀ ਢੁਕਵੇਂ ਹਨ ਜਿੰਨੇ ਉਨ੍ਹਾਂ ਦੇ ਸਮੇਂ ਵਿੱਚ ਸਨ। ਵਿਦਿਆਰਥੀਆਂ ਨੇ ਕਵਿਤਾਵਾਂ, ਭਾਸ਼ਣ ਅਤੇ ਇੱਕ-ਨਾਟਕ ਪੇਸ਼ ਕੀਤੇ, ਜਿਸ ਵਿੱਚ ਗਾਂਧੀ ਦੇ ਜੀਵਨ ਦੀਆਂ ਪ੍ਰੇਰਨਾਦਾਇਕ ਝਲਕੀਆਂ ਪੇਸ਼ ਕੀਤੀਆਂ ਗਈਆਂ। ਸਕੂਲ ਦੇ ਵਿਹੜੇ ਵਿੱਚ ਇੱਕ ਸ਼ਾਂਤੀ ਮਾਰਚ ਰੈਲੀ ਵੀ ਕਰਵਾਈ ਗਈ, ਜਿੱਥੇ ਵਿਦਿਆਰਥੀਆਂ ਨੇ ਗਾਂਧੀ ਜੀ ਦੇ ਸੰਦੇਸ਼ ਵਾਲੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਸਫਾਈ, ਸਦਭਾਵਨਾ, ਸੱਚ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵਾਲੇ ਨਾਅਰੇ ਲਗਾਏ। ਪ੍ਰਾਇਮਰੀ ਸਕੂਲ ਦੀ ਅਧਿਆਪਕਾ ਨੀਰਜਾ ਨੇ ਵਿਦਿਆਰਥੀਆਂ ਨੂੰ ਦਸਹਿਰੇ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਰਾਮ, ਲਕਸ਼ਮਣ, ਸੀਤਾ, ਹਨੂਮਾਨ ਅਤੇ ਰਾਵਣ ਦੇ ਰੂਪ ਵਿੱਚ ਸਜ ਕੇ ਰੰਗੀਨ ਪੇਸ਼ਕਾਰੀਆਂ ਦਿੱਤੀਆਂ। ਛੇਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਾਮਾਇਣ ’ਤੇ ਭਾਸ਼ਣ ਦਿੱਤਾ।