DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਘੱਗਰ ਦਾ ਕਹਿਰ: ਖੇਤਾਂ ਵੱਲ ਪਾਣੀ ਛੱਡਣ ’ਤੇ ਹੋਏ ਝਗੜੇ ’ਚ ਤਿੰਨ ਜ਼ਖ਼ਮੀ

ਪ੍ਰਭੂ ਦਿਆਲ ਸਿਰਸਾ, 18 ਜੁਲਾਈ ਘੱਗਰ ’ਚ ਵਧ ਰਹੇ ਪਾਣੀ ਨਾਲ ਜਿੱਥੇ ਸਿਰਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਡੁੱਬ ਗਈ ਹੈ, ਉੱਥੇ ਹੀ ਹੁਣ ਪਾਣੀ ਕਾਰਨ ਪਿੰਡਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਪਿੰਡਾਂ ਨੂੰ ਪਾਣੀ ਤੋਂ...
  • fb
  • twitter
  • whatsapp
  • whatsapp
featured-img featured-img
ਸਿਰਸਾ-ਬਰਨਾਲਾ ਸਡ਼ਕ ’ਤੇ ਪਿੰਡਾਂ ਦੇ ਲੋਕਾਂ ਨੂੰ ਵੱਖ-ਵੱਖ ਕਰਨ ਦੀ ਕੋਸ਼ਿਸ਼ ਕਰਦੀ ਹੋਈ ਪੁਲੀਸ।
Advertisement

ਪ੍ਰਭੂ ਦਿਆਲ

ਸਿਰਸਾ, 18 ਜੁਲਾਈ

Advertisement

ਘੱਗਰ ’ਚ ਵਧ ਰਹੇ ਪਾਣੀ ਨਾਲ ਜਿੱਥੇ ਸਿਰਸਾ ਜ਼ਿਲ੍ਹੇ ਦੇ ਦਰਜਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫ਼ਸਲ ਡੁੱਬ ਗਈ ਹੈ, ਉੱਥੇ ਹੀ ਹੁਣ ਪਾਣੀ ਕਾਰਨ ਪਿੰਡਾਂ ਵਿੱਚ ਤਣਾਅ ਪੈਦਾ ਹੋ ਗਿਆ ਹੈ। ਪਿੰਡਾਂ ਨੂੰ ਪਾਣੀ ਤੋਂ ਬਚਾਉਣ ਲਈ ਪਾਣੀ ਖੇਤਾਂ ਵੱਲ ਛੱਡਣ ਨੂੰ ਲੈ ਕੇ ਅੱਧੀ ਦਰਜਨ ਪਿੰਡਾਂ ਦੇ ਲੋਕ ਆਹਮੋ-ਸਾਹਮਣੇ ਆ ਗਏ ਹਨ। ਇਸ ਦੌਰਾਨ ਤਿੰਨ ਵਿਅਕਤੀਆਂ ਦੇ ਸੱਟਾਂ ਵੀ ਲੱਗੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਨੇ ਸਥਿਤੀ ਨੂੰ ਸ਼ਾਂਤੀਪੂਰਨ ਦੱਸਿਆ ਹੈ। ਜਾਣਕਾਰੀ ਅਨੁਸਾਰ ਘੱਗਰ ’ਚ ਪਏ ਪਾੜਾਂ ਕਾਰਨ ਪਿੰਡ ਫਰਵਾਈ, ਬੁਰਜ ਕਰਮਗੜ੍ਹ, ਪਨਿਹਾਰੀ ਤੇ ਇਨ੍ਹਾਂ ਪਿੰਡਾਂ ਨਾਲ ਲੱਗਦੀਆਂ ਤਿੰਨ ਦਰਜਨ ਤੋਂ ਵੱਧ ਢਾਣੀਆਂ ਪਾਣੀ ਨਾਲ ਘਿਰ ਗਈਆਂ ਹਨ। ਪਿੰਡ ਪਨਿਹਾਰੀ ਤੇ ਇਸ ਦੇ ਨਾਲ ਲੱਗਦੇ ਪਿੰਡ ਫਰਵਾਈ ਕਲਾਂ, ਨੇਜਾਡੇਲਾ ਕਲਾਂ ਦੇ ਲੋਕ ਉਸ ਵੇਲੇ ਆਹਮੋ-ਸਾਹਮਣੇ ਹੋ ਗਏ ਜਦੋਂ ਪਿੰਡ ਪਨਿਹਾਰੀ ਦੇ ਕੁਝ ਲੋਕਾਂ ਨੇ ਸਿਰਸਾ-ਬਰਨਾਲਾ ਸੜਕ ਹੇਠ ਬਣੀਆਂ ਪੁਲੀਆਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਪਿੰਡਾਂ ਦੇ ਲੋਕਾਂ ਵਿੱਚ ਗੱਲ ਡਾਗਾਂ, ਸੋਟਿਆਂ ਤੱਕ ਪਹੁੰਚ ਗਈ ਤੇ ਤਿੰਨ ਜਣਿਆਂ ਦੇ ਸੱਟਾਂ ਵੀ ਲੱਗ ਗਈਆਂ। ਸਥਿਤੀ ਨੂੰ ਵੇਖਦੇ ਹੋਏ ਵੱਡੀ ਗਿਣਤੀ ’ਚ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਵਿਗੜਨ ਤੋਂ ਬਚਾਅ ਲਿਆ। ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਦੱਸਿਆ ਹੈ ਕਿ ਹਾਲੇ ਤੱਕ ਕਿਸੇ ਵੀ ਪਿੰਡ ’ਚ ਪਾਣੀ ਨਹੀਂ ਵੜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਪੁਲ ਹੇਠੋਂ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੁਝ ਪਿੰਡਾਂ ਦੇ ਲੋਕਾਂ ਵਿਚਾਲੇ ਤਣਾਅ ਹੋਇਆ ਹੈ, ਜਿਸ ਨੂੰ ਸ਼ਾਂਤ ਕਰ ਦਿੱਤਾ ਗਿਆ ਹੈ। ਉਧਰ ਪਿੰਡ ਚਾਮਲ, ਬਣਸੁਧਾਰ ਤੇ ਝੋਰੜਨਾਲੀ ’ਚ ਵੀ ਹਜ਼ਾਰਾਂ ਏਕੜ ਫ਼ਸਲ ਪਾਣੀ ’ਚ ਡੁੱਬ ਗਈ ਹੈ। ਇਨ੍ਹਾਂ ਪਿੰਡਾਂ ਦੇ ਕੁਝ ਲੋਕਾਂ ਵਿੱਚ ਵੀ ਬੰਨ੍ਹਾਂ ਨੂੰ ਲੈ ਕੇ ਤਣਾਅ ਦੀ ਸਥਿਤੀ ਬਣੀ ਹੋਈ ਹੈ।

ਸੁਰੱਖਿਅਤ ਥਾਵਾਂ ਵੱਲ ਜਾਣ ਲੱਗੇ ਵਣੀ ਪਿੰਡ ਦੇ ਲੋਕ

ਏਲਨਾਬਾਦ (ਜਗਤਾਰ ਸਮਾਲਸਰ): ਹਰਿਆਣਾ ਦੀ ਰਾਜਸਥਾਨ ਸੀਮਾ ’ਤੇ ਪੈਂਦੇ ਪਿੰਡ ਵਣੀ ਦੇ ਲੋਕ ਘੱਗਰ ਵਿੱਚ ਨਿਰੰਤਰ ਵਧ ਰਹੇ ਪਾਣੀ ਦੇ ਪੱਧਰ ਤੋਂ ਚਿੰਤਤ ਹਨ। ਇੱਥੇ ਘੱਗਰ ਦੇ ਟੁੱਟਣ ਦੇ ਡਰ ਕਾਰਨ ਸੈਂਕੜੇ ਲੋਕ ਹੁਣ ਤੱਕ ਆਪਣੇ ਘਰਾਂ ਨੂੰ ਜਿੰਦਰੇ ਮਾਰ ਕੇ ਸੁਰੱਖਿਅਤ ਥਾਵਾਂ ਵੱਲ ਜਾ ਚੁੱਕੇ ਹਨ। ਇਸ ਕਾਰਨ ਵਣੀ ਨੰਬਰ 2,3 ਅਤੇ 4 ਖਾਲੀ ਹੋ ਗਈ ਹੈ। ਵਣੀ ਦੇ ਚੰਡੀਗੜ੍ਹ ਮੁਹੱਲੇ ਵਿੱਚ ਅੱਜ ਦਰਜਨਾਂ ਪਰਿਵਾਰ ਆਪਣਾ ਸਾਮਾਨ ਟਰੈਕਟਰ-ਟਰਾਲੀਆਂ ਵਿੱਚ ਭਰ ਕੇ ਪਿੰਡ ਛੱਡ ਗਏ ਹਨ। ਲੋਕਾਂ ਨੇ ਆਖਿਆ ਕਿ ਉਹ ਸਾਲ 2010 ਦੀ ਤਬਾਹੀ ਅੱਖੀਂ ਵੇਖ ਚੁੱਕੇ ਹਨ ਇਸ ਲਈ ਹੁਣ ਜੋਖ਼ਮ ਨਹੀਂ ਲੈਣਾ ਚਾਹੁੰਦੇ। ਪਿੰਡ ਵਾਸੀਆਂ ਪ੍ਰਗਟ ਸਿੰਘ, ਹਰਬੰਸ ਸਿੰਘ, ਮੁਖਤਿਆਰ ਸਿੰਘ, ਬਿੰਦਰ ਸਿੰਘ ਆਦਿ ਨੇ ਆਖਿਆ ਕਿ ਜੇਕਰ ਘੱਗਰ ਨਦੀ ਇਸ ਖੇਤਰ ਵਿੱਚ ਟੁੱਟੀ ਤਾਂ ਸਭ ਤੋਂ ਜ਼ਿਆਦਾ ਮਾਰ ਉਨ੍ਹਾਂ ਦੇ ਪਿੰਡ ਨੂੰ ਹੀ ਪੈਣੀ ਹੈ, ਕਿਉਂਕਿ ਇਹ ਪਿੰਡ ਬਹੁਤ ਨੀਵਾਂ ਹੈ ਅਤੇ ਅੱਗੇ ਰਾਜਸਥਾਨ ਕੈਨਾਲ ਹੋਣ ਕਾਰਨ ਪਾਣੀ ਅੱਗੇ ਨਹੀਂ ਜਾਂਦਾ। ਵਣੀ ਸਾਈਫ਼ਨ ਤੋਂ ਘੱਗਰ ਦਾ ਪਾਣੀ ਰਾਜਸਥਾਨ ਕੈਨਾਲ ਵਿੱਚ ਸੁੱਟਿਆ ਜਾ ਰਿਹਾ ਹੈ। ਹਰਿਆਣਾ-ਰਾਜਸਥਾਨ ਸੀਮਾ ’ਤੇ ਰਾਜਸਥਾਨ ਨਹਿਰ ਦੇ ਚਾਰ ਗੇਟ ਖੋਲ੍ਹ ਦਿੱਤੇ ਗਏ ਹਨ।

Advertisement
×