ਹਰਿਆਣਾ ਸਰਕਾਰ ਵੱਲੋਂ ਸੀਈਟੀ ਪ੍ਰੀਖਿਆ ਲਈ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿੱਚ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸੇਵਾ ਦੇਣ ਦੇ ਐਲਾਨ ਤੋਂ ਬਾਅਦ ਨਾਰਾਇਣਗੜ੍ਹ ਸਥਿਤ ਹਰਿਆਣਾ ਰੋਡਵੇਜ਼ ਦੇ ਸਬ-ਡਿਪੂ ਵਿਖੇ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਵੱਲੋਂ ਮੁਫ਼ਤ ਬੱਸ ਸਫ਼ਰ ਲਈ ਰਜਿਸਟ੍ਰੇਸ਼ਨ ਦਾ ਕੰਮ ਸਰਗਰਮੀ ਨਾਲ ਚੱਲ ਰਿਹਾ ਹੈ। ਡਿਪੂ ਇੰਚਾਰਜ ਅਸ਼ੋਕ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਦੇਣੀ ਹੈ, ਉਹ ਬੱਸ ਡਿਪੂ ਵਿੱਚ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ, ਤਾਂ ਜੋ ਉਨ੍ਹਾਂ ਨੂੰ ਚੰਡੀਗੜ੍ਹ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾ ਸਕੇ। ਹੁਣ ਤੱਕ ਕਰੀਬ 350 ਵਿਦਿਆਰਥੀਆਂ ਨੇ ਬੱਸ ਡਿਪੂ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ। ਇਹ ਰਜਿਸਟ੍ਰੇਸ਼ਨ ਆਨਲਾਈਨ ਅਤੇ ਆਫ਼ਲਾਈਨ ਦੋਹੇ ਤਰ੍ਹਾਂ ਕੀਤੀ ਜਾ ਰਹੀ ਹੈ। ਆਫ਼ਲਾਈਨ ਰਜਿਸਟ੍ਰੇਸ਼ਨ ਲਈ ਵਿਦਿਆਰਥੀ ਆਪਣੀ ਰੋਲ ਨੰਬਰ ਸਲਿੱਪ ਆਪਣੇ ਨਾਲ ਲੈ ਕੇ ਆਉਣ।
‘ਪ੍ਰੀਖਿਆ ’ਚ ਕਕਾਰ ਧਾਰਨ ਕਰਕੇ ਦਾਖਲ ਹੋ ਸਕਣਗੇ ਅੰਮ੍ਰਿਤਧਾਰੀ ਵਿਦਿਆਰਥੀ’
ਸ਼ਾਹਬਾਦ ਮਾਰਕੰਡਾ, (ਸਤਨਾਮ ਸਿੰਘ): ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਸੀਈਟੀ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਵਿਦਿਆਰਥੀਆਂ ਵੱਲੋਂ ਕਕਾਰ ਧਾਰਨ ਕਰਕੇ ਦਾਖਲ ਹੋ ਸਕਣ ਦੀ ਮਨਜ਼ੂਰੀ ਮਿਲਣ ’ਤੇ ਹਰਿਆਣਾ ਕਰਮਚਾਰੀ ਚੋਣ ਆਯੋਗ ਦੇ ਚੇਅਰਮੈਨ ਹਿੰਮਤ ਸਿੰਘ ਲਈ ਧੰਨਵਾਦ ਪ੍ਰਗਟ ਕੀਤਾ ਹੈ। ਝੀਂਡਾ ਨੇ ਦੱਸਿਆ ਕਿ ਅਕਸਰ ਹੀ ਇਹ ਸ਼ਿਕਾਇਤਾਂ ਆਉਂਦੀਆਂ ਸਨ ਕਿ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਪ੍ਰੀਖਿਆ ਕੇਂਦਰ ਵਿੱਚ ਕਕਾਰ ਧਾਰਨ ਕਾਰਨ ਤੋਂ ਰੋਕਿਆ ਜਾਂਦਾ ਸੀ। ਜਿਸ ਨਾਲ ਵਿਦਿਆਰਥੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਸੀ। ਹਰਿਆਣਾ ਕਮੇਟੀ ਨੇ ਹਰਿਆਣਾ ਕਰਮਚਾਰੀ ਚੋਣ ਆਯੋਗ ਦੇ ਚੇਅਰਮੈਨ ਹਿੰਮਤ ਸਿੰਘ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਇਸ ਬਾਬਤ ਜਾਣੂ ਕਰਵਾਇਆ ਸੀ। ਜਿਸ ਬਾਅਦ ਚੇਅਰਮੈਨ ਹਿੰਮਤ ਸਿੰਘ ਨੇ ਸੀਈਟੀ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਕਕਾਰ ਧਾਰਨ ਕਰਨ ਦੀ ਮਨਜ਼ੂਰੀ ਦੇ ਦਿੱਤੀ।