ਟੈਂਡਰਾਂ ਦੇ ਨਾਂ ’ਤੇ ਕਰੋੜਾਂ ਦੀ ਧੋਖਾਧੜੀ ਦਾ ਪਰਦਾਫਾਸ਼
ਦਿੱਲੀ ਦੀ ਆਰਥਿਕ ਅਪਰਾਧ ਸ਼ਾਖਾ ਨੇ ਆਰ ਜੀ ਐੱਸ ਐੱਮ ਨਾਮਕ ਇੱਕ ਫਰਜ਼ੀ ਵੈੱਬਸਾਈਟ ਅਤੇ ਟਰੱਸਟ ਰਾਹੀਂ ਸਰਕਾਰੀ ਟੈਂਡਰਾਂ ਦੇ ਨਾਮ ’ਤੇ ਦੇਸ਼ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਪਰਦਾਫਾਸ਼ ਕੀਤਾ ਹੈ। ਇਸ ਵਿੱਚ 60-70 ਕਰੋੜ ਰੁਪਏ ਦੇ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਮੁੱਖ ਮੁਲਜ਼ਮ ਰਤਨਾਕਰ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਡੀਸ਼ਨਲ ਸੀਪੀ ਅਮਰੁਤਾ ਗੁਗਲੋਟ ਦੀ ਅਗਵਾਈ ਹੇਠ ਦਿੱਲੀ ਆਰਥਿਕ ਅਪਰਾਧ ਸ਼ਾਖਾ ਨੇ ਕਾਰਵਾਈ ਕੀਤੀ ਹੈ। ਟੀਮ ਨੇ ਰਤਨਾਕਰ, ਉਸਦੀ ਪਤਨੀ ਅਨੀਤਾ ਅਤੇ ਸੂਬਾ ਮੁਖੀ ਸੌਰਭ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਹੁਣ ਤੱਕ ਇਸ ਧੋਖਾਧੜੀ ਵਿੱਚ 60-70 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੇਸ਼ ਵਿੱਚ 15 ਤੋਂ ਵੱਧ ਪੀੜਤਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਸਨ। ਇਸ ਗਰੋਹ ਨੇ ‘ਰਾਸ਼ਟਰੀ ਪੇਂਡੂ ਸਾਖਰਤਾ ਮਿਸ਼ਨ’ ਨਾਮ ਦੀ ਇੱਕ ਫ਼ਰਜ਼ੀ ਵੈੱਬਸਾਈਟ ਬਣਾਈ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਹ ਕੇਂਦਰ ਸਰਕਾਰ ਦੀ ਪਹਿਲ ਹੈ। ਇਸ ਵੈੱਬਸਾਈਟ ਰਾਹੀਂ, ਸਕੂਲ ਵਰਦੀਆਂ ਅਤੇ ਮੈਡੀਕਲ ਕਿੱਟਾਂ ਵਰਗੀਆਂ ਚੀਜ਼ਾਂ ਲਈ ਜਾਅਲੀ ਟੈਂਡਰ ਜਾਰੀ ਕੀਤੇ ਗਏ ਸਨ। ਕਥਿਤ ਦੋਸ਼ੀ ਭਾਰਤ ਸਰਕਾਰ ਦੇ ਨਾਮ ’ਤੇ ਦਸਤਾਵੇਜ਼ ਤਿਆਰ ਕਰਦੇ ਸਨ, ਸਟੈਂਪ ਡਿਊਟੀ ਵਸੂਲਦੇ ਸਨ ਅਤੇ ਕਮਿਸ਼ਨ ਦੇ ਨਾਮ ’ਤੇ ਪੈਸੇ ਵਸੂਲਦੇ ਸਨ। ਸਾਮਾਨ ਪਹੁੰਚਾਉਣ ਤੋਂ ਬਾਅਦ ਉਹ ਵਾਧੂ ਭੁਗਤਾਨ ਦੀ ਮੰਗ ਕਰਦੇ ਸਨ ਅਤੇ ਫਿਰ ਫ਼ਰਾਰ ਹੋ ਜਾਂਦੇ ਸਨ।