ਜੀਂਦ ਜ਼ਿਲ੍ਹੇ ਵਿੱਚ ਸਾਈਬਰ ਠੱਗਾਂ ਨੇ ਚਾਰ ਜਣਿਆਂ ਤੋਂ 8.50 ਲੱਖ ਠੱਗੇ ਹਨ। ਅਸ਼ੋਕ ਵਾਸੀ ਗਾਂਧੀ ਨਗਰ ਨਰਵਾਣਾ ਨੇ ਪੁਲੀਸ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਮੋਬਾਈਲ 18 ਅਗਸਤ ਨੂੰ ਰਾਹ ਵਿੱਚ ਡਿੱਗ ਗਿਆ ਸੀ। ਜਦੋਂ ਉਹ ਕੁਝ ਦਿਨਾਂ ਮਗਰੋਂ ਨਰਵਾਣਾ ਆਇਆ ਤੇ ਬੈਂਕ ਵਿੱਚ ਕੁਝ ਪੈਸੇ ਕੱਢਵਾਉਣ ਲਈ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਖਾਤੇ ਵਿੱਚੋਂ 18 ਅਗਸਤ ਤੋਂ 22 ਅਗਸਤ ਤੱਕ 1 ਲੱਖ 70 ਹਜ਼ਾਰ ਕੱਢਵਾਏ ਗਏ ਹਨ। ਸਾਈਬਰ ਕਰਾਈਮ ਥਾਣਾ ਦੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਨਰਵਾਣਾ ਦੀ ਛੋਟੂ ਰਾਮ ਕਲੋਨੀ ਦੇ ਸੰਦੀਪ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਗਿਆ ਕਿ 19 ਅਕਤੂਬਰ ਨੂੰ ਸਾਈਬਰ ਠੱਗਾਂ ਨੇ ਉਸ ਦਾ ਫੋਨ ਹੈਕ ਕਰ ਕੇ ਉਸ ਦੇ ਖਾਤੇ ਵਿੱਚੋਂ 2 ਲੱਖ 24 ਹਜ਼ਾਰ ਰੁਪਏ ਕੱਢ ਲਏ। ਸਾਈਬਰ ਕਰਾਈਮ ਥਾਣਾ ਨਰਵਾਣਾ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਉਚਾਨਾ ਮੰਡੀ ਦੇ ਰਾਜੇਸ਼ ਕੁਮਾਰ ਨੇ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਕਿ 6 ਅਕਤੂਬਰ ਨੂੰ ਉਸ ਦੇ ਮੋਬਾਈਲ ’ਤੇ ਖਾਤੇ ਵਿੱਚੋਂ 1 ਲੱਖ 24 ਹਜ਼ਾਰ ਕੱਟਣ ਦੇ ਮੈਸੇਜ ਆਏ। ਪਿੰਡ ਲਿਜਵਾਨਾ ਕਲਾਂ ਦੇ ਇਕ ਵਿਅਕਤੀ ਨੂੰ ਯੂ-ਟਿਊਬ ’ਤੇ ਨੈੱਟ ਬੈਂਕਿੰਗ ਦੀ ਐਡ ’ਤੇ ਕਲਿੱਕ ਕਰਨਾ ਮਹਿੰਗਾ ਪੈ ਗਿਆ। ਉਸ ਨੇ ਜਦੋਂ ਪੰਜਾਬ ਨੈਸ਼ਨਲ ਬੈਂਕ ਦੀ ਨੈਟ ਬੈਂਕਿੰਗ ਦੀ ਐਡ ’ਤੇ ਕਲਿਕ ਕਰ ਦਿੱਤਾ ਤੇ ਫਾਈਲ ਖੁੱਲ੍ਹ ਗਈ। ਇਸ ਮਗਰੋਂ ਫਾਰਮ ਭਰ ਦਿੱਤਾ। ਅਗਲੀ ਸਵੇਰ ਉਸ ਦੇ ਖਾਤੇ ’ਚੋਂ 3.23 ਲੱਖ ਕੱਢੇ ਗਏ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

