ਮੁਕਾਬਲੇ ਮਗਰੋਂ ਬਾਬਾ ਗੈਂਗ ਦੇ ਚਾਰ ਮੈਂਬਰ ਕਾਬੂ
ਦੇਵਿੰਦਰ ਸਿੰਘ
ਯਮੁਨਾਨਗਰ, 4 ਜੁਲਾਈ
ਜ਼ਿਲ੍ਹਾ ਪੁਲੀਸ ਨੇ ਮੁਕਾਬਲੇ ਮਗਰੋਂ ਬਾਬਾ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਥਾਣਾ ਛੱਪਰ ਅਤੇ ਪੰਜ ਤੀਰਥੀ ਪੁਲੀਸ ਚੌਕੀ ਦੀ ਟੀਮ ਨੇ ਵੀਰਵਾਰ ਨੂੰ ਪਿੰਡ ਹਰਨੌਲ ਵਿੱਚ ਇੱਕ ਮੁਕਾਬਲੇ ਮਗਰੋਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਬਾਬਾ ਗੈਂਗ ਦਾ ਮੁਖੀ ਜਸਬੀਰ ਸਿੰਘ ਵੀ ਸ਼ਾਮਲ ਹੈ।
ਡੀਐੱਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਨੂੰ ਇਹ ਗੈਂਗਸਟਰ ਉਤਰਾਖੰਡ ਨੰਬਰ ਦੀ ਐੱਸਯੂਵੀ ਵਾਹਨ (ਯੂਕੇ07-ਏਆਰ 8715) ਵਿੱਚ ਸਵਾਰ ਸਨ। ਇਸ ਵਾਹਨ ’ਤੇ ਭਾਜਪਾ ਦਾ ਝੰਡਾ ਲੱਗਿਆ ਹੋਇਆ ਸੀ। ਪੁਲੀਸ ਦੀ ਨਾਕਾਬੰਦੀ ਦੇਖ ਕੇ ਇਹ ਵਾਹਨ ਛੱਡ ਕੇ ਗੰਨੇ ਦੇ ਖੇਤਾਂ ਵਿੱਚ ਲੁਕ ਗਏ। ਪੁਲੀਸ ਨੂੰ ਵਾਹਨ ਦੀ ਤਲਾਸ਼ੀ ਦੌਰਾਨ ਹਥਿਆਰ ਬਰਾਮਦ ਹੋਏ ਅਤੇ ਮੁਕਾਬਲੇ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ, ਜਦੋਂਕਿ ਤਿੰਨ ਮੁਲਜ਼ਮ ਫ਼ਰਾਰ ਹੋ ਗਏ। ਡੀਐੱਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਜਸਬੀਰ ਸਿੰਘ ਵਾਸੀ ਮੁੰਡਲਾਣਾ ਜ਼ਿਲ੍ਹਾ ਹਰਿਦੁਆਰ (ਉਤਰਾਖੰਡ), ਸ਼ਾਹ ਮੁਹੰਮਦ ਕਸਬਾ ਲੰਢੌਰਾ ਜ਼ਿਲ੍ਹਾ ਹਰਿਦੁਆਰ, ਭਗਵਾਨਪੁਰ ਦਾ 17 ਸਾਲਾ ਨਾਬਾਲਗ ਅਤੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸਹਾਰਨਪੁਰ ਦੇ ਪਿੰਡ ਮਾਝੋਲ ਦਾ ਸ਼ਿਵਮ ਸ਼ਾਮਲ ਹਨ। ਜਸਬੀਰ ਖ਼ਿਲਾਫ਼ 14 ਅਤੇ ਸ਼ਿਵਮ ਖ਼ਿਲਾਫ਼ ਚਾਰ ਮਾਮਲੇ ਦਰਜ ਹਨ। ਉਨ੍ਹਾਂ ਤੋਂ ਪੁੱਛਗਿੱਛ ਮਗਰੋਂ ਇੱਕ ਦੇਸੀ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਕੀਤੇ ਗਏ ਹਨ।