ਦਵਿੰਦਰ ਸਿੰਘ
ਕੇਂਦਰੀ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਚੌਥੀ ਵਾਰ ਸਰਕਾਰ ਬਣਾਵੇਗੀ। ਉਹ ਅੱਜ ਯਮੁਨਾਨਗਰ ਦੇ ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਯਾਦਗਾਰ ਅਤੇ ਅਜਾਇਬ ਘਰ ਦਾ ਨੀਂਹ ਪੱਥਰ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਯਾਦਗਾਰ ਖ਼ਾਲਸਾ ਸਾਮਰਾਜ ਦੀ ਦਲੇਰਾਨਾ ਅਗਵਾਈ ਅਤੇ ਦ੍ਰਿੜ੍ਹਤਾ ਦੀ ਕਹਾਣੀ ਨੂੰ ਨੌਜਵਾਨਾਂ ਤੱਕ ਪੁੱਜਦਾ ਕਰੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ‘ਸੰਤ ਮਹਾਪੁਰਸ਼ ਸਨਮਾਨ ਅਤੇ ਵਿਚਾਰ ਪ੍ਰਸਾਰ ਯੋਜਨਾ’ ਤਹਿਤ ਯਮੁਨਾਨਗਰ ਦੇ ਲੋਹਗੜ੍ਹ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਸਮਾਰਕ ਦਾ ਨੀਂਹ ਪੱਥਰ ਰੱਖਣ ਪੁੱਜੇ ਹਨ। ਮਹਾਨ ਜਰਨੈਲ ਤੇ ਅਜਿੱਤ ਯੋਧਾ ਬਾਬਾ ਬੰਦਾ ਸਿੰਘ ਨੇ ਆਪਣੀ ਵਿਲੱਖਣ ਅਤੇ ਆਸਾਧਾਰਨ ਬਹਾਦਰੀ ਨਾਲ ਮੁਗਲਾਂ ਰਹਾਇਆ। ਉਨ੍ਹਾਂ ਨੇ ਸਾਰੀ ਜ਼ਿੰਦਗੀ ਲੋਕਾਂ ਦੀ ਰੱਖਿਆ ਲਈ ਲੜਾਈ ਲੜੀ ਤੇ ਲੋਕਾਂ ਨੂੰ ਡਰ ਤੋਂ ਵੀ ਮੁਕਤ ਕੀਤਾ। ਲੋਹਗੜ੍ਹ ਵਿੱਚ ਸ਼ਾਨਦਾਰ ਯਾਦਗਾਰ ਅਤੇ ਅਜਾਇਬ ਘਰ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ, ਕੁਰਬਾਨੀ ਅਤੇ ਇਤਿਹਾਸਕ ਯੋਗਦਾਨ ਨੂੰ ਜਨਤਾ ਤੱਕ ਪਹੁੰਚਾਉਣ ਲਈ ਸ਼ਕਤੀਸ਼ਾਲੀ ਮਾਧਿਅਮ ਵਜੋਂ ਕੰਮ ਕਰੇਗਾ। ਭਾਜਪਾ ਸਰਕਾਰ ਬਾਬਾ ਜੀ ਦੀ ਸ਼ਾਨਦਾਰ ਵਿਰਾਸਤ ਨੂੰ ਸੁਰੱਖਿਅਤ ਰੱਖਣ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ 11 ਸਾਲਾਂ ਵਿੱਚ ਹਰਿਆਣਾ ਵਿੱਚ ਵੱਡੀ ਤਬਦੀਲੀ ਆਈ ਹੈ। ਲੋਕ ਸਰਕਾਰ ਤੋਂ ਸੰਤੁਸ਼ਟ ਹਨ। ਸੂਬੇ ਵਿੱਚ ਚੋਣਾਂ ਭਾਵੇਂ ਚਾਰ ਸਾਲਾਂ ਬਾਅਦ ਹੋਈਆਂ ਹਨ ਪਰ ਉਹ ਦਾਅਵਾ ਕਰਦੇ ਹਨ ਕਿ ਸੂਬੇ ਵਿੱਚ ਭਾਜਪਾ ਚੌਥੀ ਵਾਰ ਹਰਿਆਣਾ ਵਿੱਚ ਸਰਕਾਰ ਬਣਾਵੇਗੀ। ਹਰਿਆਣਾ-ਹਿਮਾਚਲ ਪ੍ਰਦੇਸ਼ ਸਰਹੱਦ ’ਤੇ ਹਥਨੀ ਕੁੰਡ ਬੈਰਾਜ ਤੋਂ ਪਹਿਲਾਂ ਬਣਨ ਵਾਲੇ ਡੈਮ ਬਾਰੇ ਉਨ੍ਹਾਂ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਇਸ ਸਮੇਂ ਇਸ ਯੋਜਨਾ ’ਤੇ ਕੰਮ ਕਰ ਰਿਹਾ ਹੈ। ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਤੋਂ ਐੱਨ ਓ ਸੀ ਦੀ ਲੋੜ ਹੈ, ਇਸ ਤੋਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ।
ਮਨੋਹਰ ਲਾਲ ਨੇ ਕਿਹਾ ਕਿ ਬਿਹਾਰ ਵਿੱਚ ਨਿਤੀਸ਼ ਕੁਮਾਰ ਅਤੇ ਹੋਰ ਪਾਰਟੀਆਂ ਦਾ ਗੱਠਜੋੜ ਸਰਕਾਰ ਬਣਾਵੇਗਾ। ਰੇਲਵੇ ਨੇ ਛੱਠ ਪੂਜਾ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਹਨ। ਇਸ ਮੌਕੇ ਮੰਤਰੀ ਰਣਬੀਰ ਗੰਗਵਾ, ਖੇਤੀਬਾੜੀ ਮੰਤਰੀ ਸ਼ਿਆਮ ਸਿੰਘ ਰਾਣਾ, ਸਾਬਕਾ ਮੰਤਰੀ ਕੰਵਰਪਾਲ ਗੁੱਜਰ, ਸਾਬਕਾ ਸੰਸਦ ਮੈਂਬਰ ਸੰਜੇ ਭਾਟੀਆ ਮੌਜੂਦ ਸਨ।

