ਐੱਨਐੱਸਐੱਸ ਦੇ ਸਾਬਕਾ ਵਾਲੰਟੀਅਰਾਂ ਨੇ ਪੌਦੇ ਲਾ ਕੇ ਕਾਲਜ ਦੀ ਸੁੰਦਰਤਾ ਵਧਾਈ
ਆਰੀਆ ਕੰਨਿਆ ਕਾਲਜ ਦੀਆਂ ਸਾਬਕਾ ਐੱਨਐੱਸਐੱਸ ਵਾਲੰਟੀਅਰਾਂ ਨੇ ਕਾਲਜ ਵਿਚ 20 ਪੌਦੇ ਦਾਨ ਕਰ ਕੇ ਕਾਲਜ ਕੈਂਪ ਦੀ ਹਰਿਆਲੀ ਤੇ ਸੁੰਦਰੀਕਰਨ ਨੂੰ ਵਧਾਉਣ ਵਿਚ ਹੋਰ ਵਾਧਾ ਕੀਤਾ ਹੈ। ਇਹ ਜਾਣਕਾਰੀ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਅਜੋਕੇ ਸਮੇਂ ਵਿਚ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਹੋ ਰਹੀ ਹੈ। ਇਸ ਕਾਰਨ ਵਾਤਾਵਰਣ ਨੂੰ ਗੰਭੀਰ ਖਤਰਾ ਬਣਿਆ ਹੋਇਆ ਹੈ। ਦਿਨੋ ਦਿਨ ਵੱਧ ਰਿਹਾ ਪ੍ਰਦੂਸ਼ਣ ਸਾਡੇ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ, ਪਰ ਵੱਧ ਤੋਂ ਵੱਧ ਬੂਟੇ ਲਗਾ ਕੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ। ਡਾ. ਆਰਤੀ ਨੇ ਵਿਦਿਆਰਥਣਾਂ ਦੇ ਇਸ ਨੇਕ ਕਾਰਜ ਦੀ ਪ੍ਰਸ਼ੰਸ਼ਾ ਕੀਤੀ ਤੇ ਉਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਐੱਨਐੱਸਐੱਸ ਪ੍ਰੋਗਰਾਮ ਅਧਿਕਾਰੀ ਡਾ. ਕਵਿਤਾ ਮਹਿਤਾ ਤੇ ਡਾ. ਸਵਰਿਤੀ ਸ਼ਰਮਾ ਨੇ ਇਹ ਪੌਦੇ ਹਰਤਿਮਾ ਸੈੱਲ ਨੂੰ ਸੌਂਪੇ । ਡਾ. ਪ੍ਰਿਅੰਕਾ ਸਿੰਘ ਨੇ ਕਾਲਜ ਕੈਂਪਸ ਵਿੱਚ ਇਨ੍ਹਾਂ ਪੌਦਿਆਂ ਨੂੰ ਲਗਾਉਣ ਤੇ ਇਨਾਂ ਦੀ ਦੇਖਭਾਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੌਨਸੂਨ ਦੇ ਮੌਸਮ ਵਿਚ ਇਹ ਪੌਦੇ ਲਗਾਉਣ ਨਾਲ ਵਾਤਾਵਰਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਵਿਚ ਸਹਾਈ ਹੋਵੇਗਾ ਤੇ ਹਵਾ ਵਿਚ ਸ਼ੁਧਤਾ ਹੋਵੇਗੀ।
ਰਣਬੀਰ ਹੁੱਡਾ ਪਾਰਕ ਵਿਚ 111 ਫਲਦਾਰ ਤੇ ਛਾਂਦਾਰ ਪੌਦੇ ਲਗਾਏ
ਸ਼ਾਹਬਾਦ (ਪੱਤਰ ਪ੍ਰੇਰਕ): ਕ੍ਰਿਸ਼ਨਾ ਜੀ ਸੇਵਾ ਸੁਸਾਇਟੀ ਦੇ ਸੰਸਥਾਪਕ ਸੰਜੇ ਹਸੀਜਾ ਨੇ ਕਿਹਾ ਕਿ ਪੌਦੇ ਲਾਉਣਾ ਸਿਰਫ ਇਕ ਪ੍ਰੋਗਰਾਮ ਨਹੀਂ ਬਲਕਿ ਇਕ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਹਰ ਇਨਸਾਨ ਦਾ ਫਰਜ਼ ਹੈ ਕਿ ਇਸ ਧਰਤੀ ਦੀ ਹਰਿਆਲੀ ਨੂੰ ਬਣਾਉਣ ਵਿਚ ਆਪਣਾ ਯੋਗਦਾਨ ਦੇਵੇ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂਂ ਹੁਣ ਤਕ ਵੱਖ-ਵੱਖ ਖੇਤਰਾਂ ਵਿਚ ਸੈਂਕੜੇ ਪੌਦੇ ਲਾਏ ਜਾ ਚੁੱਕੇ ਹਨ ਤੇ ਉਨ੍ਹਾਂ ਦੀ ਨਿਯਮਤ ਦੇਖਭਾਲ ਲਈ ਸੁਸਾਇਟੀ ਪੂਰੀ ਤਨਦੇਹੀ ਨਾਲ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜੀਵਨ ਵਿੱਚ ਘੱਟੋ ਘੱਟ ਇਕ ਪੌਦਾ ਲਗਾ ਕੇ ਉਸ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਦੌਰਾਨ ਰਣਬੀਰ ਹੁੱਡਾ ਪਾਰਕ ਵਿਚ 111 ਫਲਦਾਰ ਤੇ ਛਾਂਦਾਰ ਪੌਦੇ ਲਗਾਏ ਗਏ। ਇਸ ਮੌਕੇ ਸ਼ਾਮ ਲਾਲ, ਵਿਜੈ ਬਜਾਜ, ਨਰੇਸ਼ ਸ਼ਰਮਾ, ਪਲਕ ਹਸੀਜਾ, ਸੰਤੋਸ਼ ਕੁਕੜੇਜਾ, ਰਿੰਕੂ ਮੁਖੀਜਾ, ਵਿਜੈ ਕੁਮਾਰ ,ਜਤਿੰਦਰ ਵਧਵਾ, ਮਨਜੀਤ ਸਿੰਘ ਮੌਜੂਦ ਸਨ। ਸਭ ਨੇ ਮਿਲ ਕੇ ਵਾਤਾਵਰਨ ਦੀ ਸੁਰੱਖਿਆ ਲਈ ਸਹੁੰ ਚੁੱਕੀ।