Firing near Court Complex: ਅਣਪਛਾਤਿਆਂ ਨੇ ਅਦਾਲਤ ਕੰਪਲੈਕਸ ਨੇੜੇ ਗੋਲੀਆਂ ਚਲਾਈਆਂ, ਨੁਕਸਾਨ ਤੋਂ ਬਚਾਅ
ਕਾਰ ਵਿਚ ਆਏ ਤਿੰਨ ਹਮਲਾਵਰਾਂ ਨੇ ਕੀਤੀ ਫਾਇਰਿੰਗ; ਮਾਮਲਾ ਗੈਂਗਵਾਰ ਨਾਲ ਜੁੜਿਆ ਹੋਣ ਦਾ ਖ਼ਦਸ਼ਾ; ਪੁਲੀਸ ਜਾਂਚ ’ਚ ਜੁਟੀ ਪਰ ਫਿਲਹਾਲ ਕੁਝ ਵੀ ਕਹਿਣ ਤੋਂ ਕੀਤਾ ਇਨਕਾਰ
ਸਰਬਜੀਤ ਸਿੰਘ ਭੱਟੀ
ਅੰਬਾਲਾ, 1 ਮਾਰਚ
Firing near Court Complex: ਅੰਬਾਲਾ ਸ਼ਹਿਰ ਕਚਹਿਰੀ ਕੰਪਲੈਕਸ ’ਚ ਸ਼ਨਿੱਚਰਵਾਰ ਨੂੰ ਲਗਾਤਾਰ ਕਈ ਗੋਲੀਆਂ ਚਲਾਏ ਜਾਣ ਕਾਰਨ ਦਹਿਸ਼ਤ ਫੈਲ ਗਈ। ਅਦਾਲਤ ਕੰਪਲੈਕਸ ਦੇ ਮੁੱਖ ਗੇਟ ਨੇੜੇ ਅਚਾਨਕ ਹੋਈ ਇਸ ਘਟਨਾ ਦੀ ਸਿਟੀ ਥਾਣਾ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਗੋਲੀ ਚੱਲਣ ਨਾਲ ਪੂਰੇ ਇਲਾਕੇ ‘ਚ ਅਫ਼ਰਾ-ਤਫ਼ਰੀ ਮਚ ਗਈ।
ਹਮਲਾਵਰਾਂ ਦੀ ਗਿਣਤੀ 3-4 ਦੱਸੀ ਜਾ ਰਹੀ ਹੈ। ਪੁਲੀਸ ਨੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਕੇ ਅਦਾਲਤ ਕੰਪਲੈਕਸ ’ਚ ਵਾਧੂ ਪੁਲੀਸ ਬਲ ਤਾਇਨਾਤ ਕਰ ਦਿੱਤਾ ਹੈ।
ਅਜੇ ਤੱਕ ਗੋਲੀ ਚਲਾਉਣ ਵਾਲਿਆਂ ਦਾ ਨਾ ਤਾਂ ਕੋਈ ਉਦੇਸ਼ ਪਤਾ ਲੱਗਿਆ ਹੈ ਤੇ ਨਾ ਹੀ ਉਨ੍ਹਾਂ ਦੀ ਪਛਾਣ ਹੋਈ ਹੈ। ਗੋਲੀਕਾਂਡ ਦੀ ਖ਼ਬਰ ਮਿਲਦੇ ਹੀ ਸਿਟੀ ਥਾਣਾ ਪੁਲੀਸ ਵੱਡੇ ਦਲ-ਬਲ ਸਮੇਤ ਮੌਕੇ ‘ਤੇ ਪਹੁੰਚੀ ਅਤੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ। ਪੁਲੀਸ ਨੇ ਅਦਾਲਤ ਕੰਪਲੈਕਸ ਤੇ ਘਟਨਾ ਸਥਲ ਨੇੜਲੇ ਰਸਤੇ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਹਮਲਾਵਰਾਂ ਬਾਰੇ ਕੋਈ ਸੁਰਾਗ ਮਿਲ ਸਕੇ।
ਗੋਲੀਕਾਂਡ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ। ਸ਼ੁਰੂਆਤੀ ਜਾਂਚ ’ਚ ਪੁਲੀਸ ਨੂੰ ਘਟਨਾ ਸਥਲ ’ਤੇ ਗੋਲੀਆਂ ਦੇ 3 ਖੋਲ ਮਿਲੇ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਗੋਲੀਬਾਰੀ ਗੈਂਗਾਂ ਦੀ ਪੁਰਾਣੀ ਰੰਜ਼ਿਸ਼ ਭਾਵ ਗੈਂਗਵਾਰ ਦਾ ਮਾਮਲਾ ਹੋ ਸਕਦਾ ਹੈ।
ਘਟਨਾ ਸਥਲ ਨੇੜੇ ਤਾਇਨਾਤ ਸੁਰੱਖਿਆ ਗਾਰਡ ਚਰਨਜੀਤ ਕੁਮਾਰ ਅਨੁਸਾਰ ਹਮਲਾਵਰਾਂ ਦੀ ਗਿਣਤੀ 3 ਸੀ ਤੇ ਉਹ ਕਾਲੇ ਰੰਗ ਦੀ ਕਾਰ ‘ਚ ਸਵਾਰ ਸਨ। ਉਨ੍ਹਾਂ ‘ਚੋਂ ਇੱਕ ਨੌਜਵਾਨ ਗੋਲੀ ਚਲਾਉਂਦਾ ਹੋਇਆ ਅਦਾਲਤ ਕੰਪਲੈਕਸ ਵੱਲ ਵਧ ਰਿਹਾ ਸੀ। ਜਦੋਂ ਉਸ ਨੇ ਉਨ੍ਹਾਂ ਨੂੰ ਰੋਕਿਆ ਤਾਂ ਉਹ ਸਾਰੇ ਦੂਜੀ ਦਿਸ਼ਾ ਵੱਲ ਭੱਜ ਗਏ। ਉਸ ਮੁਤਾਬਕ, ਕਾਰ ’ਤੇ ‘ਅਮਨ’ ਲਿਖਿਆ ਹੋਇਆ ਸੀ, ਪਰ ਉਹ ਨੰਬਰ ਨੋਟ ਨਹੀਂ ਕਰ ਸਕਿਆ।
ਮੌਕੇ ‘ਤੇ ਚੱਲ ਰਹੀਆਂ ਗੱਲਬਾਤਾਂ ਮੁਤਾਬਕ, ਅੱਜ ਇੱਕ ਮਾਮਲੇ ਵਿੱਚ ਫੈਸਲਾ ਆਉਣ ਵਾਲਾ ਸੀ, ਜਿਸ ਕਰਕੇ ਦੋਵੇਂ ਧਿਰਾਂ ਕੋਰਟ ‘ਚ ਹਾਜ਼ਰ ਹੋਣੀਆਂ ਸਨ। ਸਿਟੀ ਇੰਸਪੈਕਟਰ ਸੁਨੀਲ ਵਤਸ ਮੁਤਾਬਕ ਉਹ ਹਾਲੇ ਜਾਂਚ ਕਰ ਰਹੇ ਹਨ ਅਤੇ ਕੁਝ ਵੀ ਦੱਸਣ ‘ਚ ਅਸਮਰਥ ਹਨ। ਛੇਤੀ ਹੀ ਇਸ ਮਾਮਲੇ ਦੀ ਜਾਂਚ ਲਈ ਖਾਸ ਟੀਮਾਂ ਦਾ ਗਠਨ ਕੀਤਾ ਜਾਵੇਗਾ।