ਇੱਥੋਂ ਦੀ ਪੁਲੀਸ ਨੇ ਚੋਰੀ ਦੇ ਮਾਮਲਿਆਂ ’ਤੇ ਤੁਰੰਤ ਕਾਰਵਾਈ ਕਰ ਕੇ ਸਥਾਨਕ ਦੁਕਾਨਦਾਰਾਂ ਦੇ ਸਹਿਯੋਗ ਨਾਲ ਪੁਲੀਸ ਨੇ ਛੇ ਔਰਤਾਂ ਨੂੰ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜਿਆ ਹੈ। ਗ੍ਰਿਫ਼ਤਾਰ ਕੀਤੀਆਂ ਮੁਲਜ਼ਮ ਔਰਤਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਥਾਣਾ ਸਿਟੀ ਰਤੀਆ ਦੇ ਇੰਚਾਰਜ ਸਬ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਦੇਸਰਾਜ ਨਿਵਾਸੀ ਭੂਥਨ ਖੁਰਦ ਦੀ ਸਰੁੱਦਲਗੜ੍ਹ ਰੋਡ ’ਤੇ ਕੁਲਦੀਪ ਮੋਟਰਜ਼ ਨਾਮ ਦੀ ਦੁਕਾਨ ਹੈ। ਦੁਕਾਨਦਾਰ ਨੇ ਸ਼ਿਕਾਇਤ ਕੀਤੀ ਸੀ ਕਿ ਪਿਛਲੇ ਇੱਕ ਮਹੀਨੇ ਤੋਂ ਉਸ ਦੀ ਦੁਕਾਨ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਹਨ। ਸੱਤ ਸਤੰਬਰ ਨੂੰ ਸਵੇਰੇ ਕਰੀਬ ਛੇ ਵਜੇ ਦੁਕਾਨਦਾਰ ਦੀ ਚੌਕਸੀ ਅਤੇ ਨੇੜੇ ਮੌਜੂਦ ਹੋਰ ਦੁਕਾਨਦਾਰਾਂ ਦੀ ਮਦਦ ਨਾਲ ਛੇ ਔਰਤਾਂ ਨੂੰ ਚੋਰੀ ਕਰਦੇ ਹੋਏ ਫੜਿਆ ਗਿਆ। ਸੂਚਨਾ ਮਿਲਦੇ ਹੀ ਪੁਲੀਸ ਟੀਮ ਤੁਰੰਤ ਮੌਕੇ ’ਤੇ ਪਹੁੰਚ ਗਈ ਅਤੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦੀ ਪਛਾਣ ਸਰੀਫਾ, ਕਮਲਾ, ਅੰਜਲੀ, ਕਾਜਲ, ਹਸੀਨਾ ਅਤੇ ਪੰਜਾਰੀ ਸਾਰੇ ਵਾਸੀ ਪੀਰੂ ਰਾਮ ਬਸਤੀ ਰਤੀਆ ਵਜੋਂ ਹੋਈ ਹੈ। ਸ਼ਿਕਾਇਤਕਰਤਾ ਦੇ ਅਨੁਸਾਰ ਹੁਣ ਤੱਕ ਹੋਈਆਂ ਚੋਰੀਆਂ ਕਾਰਨ ਉਸ ਦਾ ਲਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸ਼ਿਕਾਇਤ ਦੇ ਆਧਾਰ ’ਤੇ ਰਤੀਆ ਸਿਟੀ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਰਤੀਆ ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਲੋਕਾਂ ਦੀ ਸ਼ਮੂਲੀਅਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।