ਘੱਗਰ ’ਚ ਪਾਣੀ ਦੇ ਵਧ ਰਹੇ ਪੱਧਰ ਕਾਰਨ ਹੜ੍ਹਾਂ ਦਾ ਖ਼ਦਸ਼ਾ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 4 ਜੁਲਾਈ
ਰਤੀਆ ਵਿੱਚ ਘੱਗਰ ਨਦੀ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦਾ ਪੱਧਰ ਵਧਣ ਕਾਰਨ ਇਲਾਕੇ ਦੇ ਲੋਕਾਂ ਨੂੰ ਹੜ੍ਹਾਂ ਦਾ ਡਰ ਸਤਾ ਰਿਹਾ ਹੈ। ਇਲਾਕਾ ਵਾਸੀ ਘੱਗਰ ਨਦੀ ਦੇ ਪੁਲ ’ਤੇ ਪਾਣੀ ਦੇ ਵਧ ਰਹੇ ਪੱਧਰ ਨੂੰ ਰੋਜ਼ਾਨਾ ਚੈੱਕ ਕਰ ਰਹੇ ਹਨ। ਦੂਜੇ ਪਾਸੇ ਕਿਸਾਨ ਆਗੂ ਮਨਦੀਪ ਸਿੰਘ ਅਤੇ ਸੁਖਦੀਪ ਸਿੰਘ ਨੇ ਪ੍ਰਸ਼ਾਸਨ ’ਤੇ ਦੋਸ਼ ਲਾਇਆ ਕਿ ਹੜ੍ਹ ਤੋਂ ਪਹਿਲਾਂ ਰੋਕਥਾਮ ਲਈ ਜ਼ਮੀਨੀ ਪੱਧਰ ’ਤੇ ਕੋਈ ਕਦਮ ਨਹੀਂ ਚੁੱਕੇ ਜਾ ਰਹੇ। ਸਿੰਜਾਈ ਵਿਭਾਗ ਦੇ ਅੰਕੜਿਆਂ ਅਨੁਸਾਰ, ਚਾਂਦਪੁਰਾ ਹੈੱਡ ’ਤੇ ਪਹਿਲੀ ਜੁਲਾਈ ਨੂੰ ਸਵੇਰੇ 1300 ਕਿਊਸਿਕ, 2 ਜੁਲਾਈ ਨੂੰ 5350 ਕਿਊਸਿਕ, 3 ਜੁਲਾਈ ਨੂੰ ਸਵੇਰੇ 6500 ਕਿਊਸਿਕ ਅਤੇ ਅੱਜ ਦੁਪਹਿਰ ਲਗਪਗ 8000 ਕਿਊਸਿਕ ਸੀ। ਘੱਗਰ ਦਰਿਆ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਕਿਸਾਨਾਂ ਨੂੰ ਹੜ੍ਹਾਂ ਦਾ ਡਰ ਸਤਾਉਣ ਲੱਗ ਪਿਆ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਵੀ ਹੜ੍ਹਾਂ ਦਾ ਮੌਸਮ ਹੁੰਦਾ ਹੈ ਤਾਂ ਵਿਭਾਗ ਦੇ ਅਧਿਕਾਰੀ ਹੜ੍ਹ ਰਾਹਤ ਦੇ ਨਾਮ ’ਤੇ ਖਾਨਾਪੂਰਤੀ ਕਰਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਜ਼ਮੀਨੀ ਪੱਧਰ ’ਤੇ ਕੰਮ ਨਾ ਕਰਨ ਕਾਰਨ ਹੜ੍ਹਾਂ ਦੌਰਾਨ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ ਅਤੇ ਉਨ੍ਹਾਂ ਦੀਆਂ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ। ਇਸ ਲਈ ਵਿਭਾਗੀ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ’ਤੇ ਹੜ੍ਹ ਰਾਹਤ ਦਾ ਕੰਮ ਕਰਨਾ ਚਾਹੀਦਾ ਹੈ। ਸਿੰਚਾਈ ਵਿਭਾਗ ਦੇ ਉਪ-ਮੰਡਲ ਅਧਿਕਾਰੀ ਨੇ ਕਿਹਾ ਕਿ ਘੱਗਰ ਨਦੀ ਵਿੱਚ ਅੱਜ ਚਾਂਦਪੁਰ ਸਾਈਫਨ ’ਤੇ ਪਾਣੀ ਦਾ ਪੱਧਰ 8000 ਕਿਊਸਿਕ ਰਿਹਾ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀ ਪੂਰੀ ਨਜ਼ਰ ਰੱਖ ਰਹੇ ਹਨ ਅਤੇ ਵਿਭਾਗ ਵੱਲੋਂ ਹੜ੍ਹ ਰੋਕਥਾਮ ਦੇ ਉਪਾਅ ਵੀ ਕੀਤੇ ਜਾ ਰਹੇ ਹਨ।