ਬਾਬੈਨ ਵਿੱਚ ਕੁਝ ਵਿਅਕਤੀਆਂ ਨੇੇ ਬੀੜ ਕਾਲਵਾ ਦੇ ਸਰਕਾਰੀ ਸਕੂਲ ਦੇ ਕਰਮਚਾਰੀ ਨਵੀਨ ਕੁਮਾਰ ਅਤੇ ਉਸ ਦੇ ਪੁੱਤਰ ਆਦਰਸ਼ ਸੈਣੀ ਉਰਫ ਵਿਸ਼ੂ ’ਤੇ ਸਕੂਲ ਤੋਂ ਵਾਪਸ ਆਉਂਦੇ ਸਮੇਂ ਡੰਡਿਆਂ ਅਤੇ ਰਾਡਾਂ ਨਾਲ ਹਮਲਾ ਕਰ ਦਿੱਤਾ। ਜਦੋਂ ਹੋਰ ਲੋਕਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾ ਉਨ੍ਹਾਂ ’ਤੇ ਵੀ ਹਮਲਾ ਕਰ ਦਿੱਤਾ।
ਹਮਲੇ ਨੂੰ ਦੇਖਦੇ ਹੋਏ ਪਿਪਲੀ ਰੋਡ ਬੰਸਲ ਰਾਈਸ ਮਿੱਲ ਨੇੜੇ ਰਾਹਗੀਰਾਂ ਦੀ ਭੀੜ ਇੱਕਠੀ ਹੋ ਗਈ ਅਤੇ ਹਮਲਾਵਰ ਫਰਾਰ ਹੋ ਗਏ। ਸੂਚਨਾ ਮਿਲਣ ’ਤੇ ਡਾਇਲ 112 ਮੌਕੇ ’ਤੇ ਪੁੱਜੀ ਅਤੇ ਹਮਲੇ ਵਿੱਚ ਵਰਤੇ ਗਏ ਕੁਝ ਡੰਡੇ ਅਤੇ ਰਾਡਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਪਿਓ-ਪੁੱਤ ਨੂੰ ਬਾਬੈਨ ਦੇ ਕਮਿਊਨਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਦੋਂ ਕਿ ਆਦਰਸ਼ ਸੈਣੀ ਉਰਫ ਵਿਸ਼ੂ ਨੂੰ ਕੁਰੂਕਸ਼ੇਤਰ ਰੈਫਰ ਕਰ ਦਿੱਤਾ ਗਿਆ ਹੈ। ਨਵੀਨ ਕੁਮਾਰ ਨੇ ਦੱਸਿਆ ਕਿ ਉਹ ਸਕੂਲ ਤੋਂ ਬਾਅਦ ਆਪਣੇ ਪੁੱਤਰ ਆਦਰਸ਼ ਨਾਲ ਆਪਣੇ ਘਰ ਪਿੰਡ ਬਿੰਟ ਜਾ ਰਿਹਾ ਸੀ। ਜਦੋਂ ਉਹ ਪਿਪਲੀ ਰੋਡ ’ਤੇ ਬੰਸਲ ਰਾਈਸ ਮਿੱਲ ਕੋਲ ਪੁੱਜਾ ਤਾਂ ਬਾਬੈਨ ਤੋ ਪਿਪਲੀ ਜਾ ਰਹੇ ਇੱਕ ਟਰੱਕ ਡਰਾਈਵਰ ਨੇ ਬਿਨਾਂ ਕੋਈ ਸੰਕੇਤ ਦਿੱਤੇ ਅਚਾਨਕ ਟਰੱਕ ਮੋੜ ਲਿਆ। ਪਿਤਾ ਪੁੱਤਰ ਵਾਲ-ਵਾਲ ਬਚ ਗਏ। ਇਸ ਦੌਰਾਨ ਟਰੱਕ ਡਰਾਈਵਰ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਉਨ੍ਹਾਂ ਨਾਲ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨਾਲ ਲੜਨਾ ਸ਼ੁਰੂ ਕਰ ਦਿੱਤਾ।
ਨਵੀਨ ਕੁਮਾਰ ਨੇ ਦੱਸਿਆ ਕਿ ਕੁਝ ਹੀ ਪਲਾਂ ਵਿੱਚ ਟਰੱਕ ਡਰਾਈਵਰ ਨੇ ਆਪਣੇ ਹੋਰ ਦੋਸਤਾਂ ਨੂੰ ਮੌਕੇ ’ਤੇ ਬੁਲਾਇਆ ਤੇ ਉਹ ਡੰਡਿਆਂ ਅਤੇ ਰਾਡਾਂ ਨਾਲ ਲੈਸ ਅੱਠ ਤੋਂ ਦਸ ਮੁੰਡੇ ਆਏ ਅਤੇ ਬਿਨਾਂ ਪੜਤਾਲ ਕੀਤੇ ਉਨ੍ਹਾਂ ’ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੂੰ ਗੰਭੀਰ ਸੰਟਾਂ ਲੱਗੀਆਂ ਅਤੇ ਗਲੇ ਵਿੱਚ ਪਈ ਸੋਨੇ ਦੀ ਚੇਨੀ ਵੀ ਤੋੜ ਦਿੱਤੀ। ਨਵੀਨ ਦੇ ਪਰਿਵਾਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦ ਮੰਗ ਕੀਤੀ ਹੈ। ਪੁਲੀਸ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰ ਰਹੀ ਹੈ।