ਫਤਿਹਾਬਾਦ ਪੁਲੀਸ ਵੱਲੋਂ ਪੌਣੇ ਸੱਤ ਕੁਇੰਟਲ ਭੁੱਕੀ ਬਰਾਮਦ
ਨਸ਼ਾ ਤਸਕਰੀ ਨਾਲ ਜੁਡ਼ੇ ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਗ੍ਰਿਫ਼ਤਾਰ
ਪੁਲੀਸ ਸੁਪਰਡੈਂਟ ਸਿਧਾਂਤ ਜੈਨ ਦੀ ਅਗਵਾਈ ਹੇਠ ਏ ਐੱਨ ਸੀ ਸੈੱਲ ਫਤਿਹਾਬਾਦ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਪੌਣੇ ਸੱਤ ਕੁਇੰਟਲ ਭੁੱਕੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਉਰਫ਼ ਗੀਤਾ ਵਾਸੀ ਅਜੀਤ ਨਗਰ ਗੰਡਾ ਵਜੋਂ ਹੋਈ ਹੈ। ਨਸ਼ਾਂ ਤਸਕਰੀ ਨਾਲ ਜੁੜੇ ਇਸ ਮਾਮਲੇ ਵਿੱਚ ਪੁਲੀਸ ਨੇ ਪਹਿਲਾਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਏ ਐੱਨ ਸੀ ਸੈੱਲ ਦੇ ਇੰਚਾਰਜ ਇੰਸਪੈਕਟਰ ਪ੍ਰਹਿਲਾਦ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਪੁਲੀਸ ਟੀਮ ਬਿਰਾਵੜੀ ਨਹਿਰ ਦੇ ਪੁਲ ’ਤੇ ਮੌਜੂਦ ਸੀ। ਇਸ ਦੌਰਾਨ ਇੱਕ ਕੈਂਟਰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਚਾਲਕ ਨੇ ਵਾਹਨ ਤੇਜ਼ ਭਜਾ ਲਿਆ। ਇਸ ਦੌਰਾਨ ਕੈਂਟਰ ਇੱਕ ਗਲੀ ਵਿੱਚ ਫਸ ਗਿਆ ਅਤੇ ਉਸ ਵਿੱਚ ਮੌਜੂਦ ਡਰਾਈਵਰ ਤੇ ਉਸ ਦਾ ਸਾਥੀ ਵਾਹਨ ਨੂੰ ਉੱਥੇ ਹੀ ਛੱਡ ਕੇ ਭੱਜ ਗਏ। ਗੱਡੀ ਦੀ ਜਾਂਚ ਕਰਨ ’ਤੇ ਇਸ ਵਿੱਚੋਂ 25 ਬੋਰੀਆਂ ਭੁੱਕੀਆਂ ਦੀਆਂ ਬਰਾਮਦ ਹੋਈਆਂ। ਇਸ ਦਾ ਕੁੱਲ ਭਾਰ ਲਗਪਗ 673 ਕਿਲੋਗ੍ਰਾਮ ਸੀ। ਗੱਡੀ ਵਿੱਚੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਜਿਸ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਮਾਮਲੇ ਵਿੱਚ ਸਦਰ ਪੁਲੀਸ ਸਟੇਸ਼ਨ ਰਤੀਆ ਵਿੱਚ ਐੱਨ ਡੀ ਪੀ ਐੱਸ ਐਕਟ ਦੀ ਧਾਰਾ 15, 27ਏ, 25, ਅਤੇ 61/85 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।