MSP ਨਾ ਮਿਲਣ ਨਾਲ ਕਿਸਾਨਾਂ ਦਾ ਲੱਖਾਂ ਕਰੋੜ ਦਾ ਨੁਕਸਾਨ: ਡੱਲੇਵਾਲ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੰਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਬੁਟਾਨਾ ਪਿੰਡ ਵਿੱਚ ਕਿਸਾਨ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਅਤੇ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਲਈ ਐਲਾਨਿਆ 1600 ਕਰੋੜ ਦਾ ਰਾਹਤ ਪੈਕੇਜ ਨਾਕਾਫੀ ਹੈ ਕਿਉਂਕਿ ਹੜ੍ਹਾਂ ਨੇ 13 ਹਜ਼ਾਰ ਕਰੋੜ ਦਾ ਨੁਕਸਾਨ ਕੀਤਾ। ਡੱਲੇਵਾਲ ਨੇ ਮੰਗ ਕੀਤੀ ਕਿ ਹੜ੍ਹ ਨਾਲ ਤਬਾਹ ਫਸਲਾਂ ਲਈ ਕਿਸਾਨਾਂ ਨੂੰ 1 ਲੱਖ ਰੁਪਏ ਪ੍ਰਤੀ ਏਕੜ, ਘਰ ਢਹਿਣ ਵਾਲਿਆਂ ਨੂੰ 10 ਲੱਖ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10 ਲੱਖ ਮੁਆਵਜ਼ਾ ਦਿੱਤਾ ਜਾਵੇ।
ਡੱਲੇਵਾਲ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ ਠੱਗਿਆ। ਸਵਾਮੀਨਾਥਨ ਰਿਪੋਰਟ ਅਤੇ 2006 ਦੀ ਖੇਤੀ ਕਮੇਟੀ ਦੀ MSP ਗਾਰੰਟੀ ਵਾਲੀ ਸਿਫਾਰਸ਼ ਨੂੰ ਵੀ ਨਜ਼ਰਅੰਦਾਜ਼ ਕੀਤਾ। ਕਿਸਾਨਾਂ ਨੂੰ ਮੰਗਾਂ ਲਈ ਚੋਣਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਨੇ ਸੁਪਰੀਮ ਕੋਰਟ ਦੇ ਪਰਾਲੀ ਸਬੰਧੀ 2019 ਦੇ ਫੈਸਲੇ ਨੂੰ ਲਾਗੂ ਨਾ ਕਰਨ ’ਤੇ ਸਵਾਲ ਚੁੱਕੇ, ਜਿਸ ਵਿੱਚ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਗੱਲ ਸੀ। ਸਰਕਾਰਾਂ ਨੇ ਇਸ ਨੂੰ 6 ਸਾਲਾਂ ਵਿੱਚ ਵੀ ਲਾਗੂ ਨਹੀਂ ਕੀਤਾ।