ਕਿਸਾਨਾਂ ਨੇ ਦੋ ਘੰਟੇ ਲਈ ਟੌਲ ਪਲਾਜ਼ਾ ਮੁਫ਼ਤ ਕੀਤਾ
ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 16 ਜਨਵਰੀ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਮਹਾਂਵੀਰ ਚਹਿਲ ਨਾਰਦ ਨੇ ਦੱਸਿਆ ਕਿ ਯੂਨੀਅਨ ਵੱਲੋਂ ਖਨੌਰੀ ਸਰਹੱਦ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਚੱਲ ਰਹੇ ਮਰਨ ਵਰਤ ਦੇ ਸਮਰਥਨ ਵਿੱਚ ਅੱਜ ਇਥੇ ਥਾਣਾ ਟੌਲ ਪਲਾਜ਼ਾ ਨੂੰ ਦੋ ਘੰਟੇ ਲਈ ਬੰਦ ਕਰਕੇ ਸਰਕਾਰ ਪ੍ਰਤੀ ਨਾਰਾਜ਼ਗੀ ਪ੍ਰਗਟਾਈ ਗਈ। ਨਰਿੰਦਰ ਮਾਗੋ ਮਾਜਰੀ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਸਰਕਾਰ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਨਾਲ ਖਿਲਵਾੜ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਡੱਲੇਵਾਲ ਦੀ ਜਾਨ ਬਚਾਉਣੀ ਚਾਹੀਦੀ ਹੈ, ਨਹੀਂ ਤਾਂ ਜੋ ਵੀ ਹੋਵੇਗਾ ਉਸ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਇਸ ਮਾਮਲੇ ਨੂੰ ਜਲਦੀ ਨਿਬੇੜੇ ਨਹੀਂ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਨਰੇਸ਼ ਚਹਿਲ ਨੇ ਕਿਹਾ ਕਿ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ ਅਤੇ ਸਾਡੀ ਜਥੇਬੰਦੀ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਦਾ ਪੂਰਾ ਸਮਰਥਨ ਕਰਦੀ ਹੈ।
ਉਨ੍ਹਾਂ ਕਿਹਾ ਕਿ ਜਲਦੀ ਤੋਂ ਜਲਦੀ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਜਗਜੀਤ ਸਿੰਘ ਦੀ ਜਾਨ ਬਚਾਈ ਜਾਵੇ, ਨਹੀਂ ਤਾਂ ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਲਕਾਰ ਮਲਿਕ ਖੁਰਾਣਾ, ਸੰਦੀਪ ਇੰਸਾ ਸਿਨਾੜ, ਰਾਮਪਾਲ ਮੁੰਡਾਦੀ, ਰਾਜੀਵ ਸਰਪੰਚ ਨੈਨਾ, ਅਮਨਦੀਪ ਸਹਾਰਨ, ਸੁਰਿੰਦਰ, ਸਤੀਸ਼ ਦਿਲੋਵਾਲੀ, ਰਾਮਫਲ ਨੌਂਚ, ਅਨਿਲ ਗੁੱਜਰ, ਵਿਕਾਸ ਚਹਿਲ, ਸਤੀਸ਼ ਫੌਜੀ, ਜਸਬੀਰ ਬਾਲੂ, ਸੁਭਾਸ਼ ਬਡਸੀਕਰੀ, ਦੀਪ ਲੈਲਰ, ਬਿੰਦਰ ਸਿਰਤਾ, ਰਾਜਪਾਲ ਗੁੱਜਰ, ਦੀਪੂ ਮਾਗੋ ਮਾਜਰੀ, ਸਤਨਾਮ, ਅਮਨ ਦਲਾਲ, ਕਰਣ ਮਲਿਕ ਹਾਜ਼ਰ ਸਨ।