ਯਮੁਨਾਨਗਰ ਅਨਾਜ ਮੰਡੀ ਦਾ ਦੌਰਾ ਕਰਨ ਪਹੁੰਚੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਸੰਸਦ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਨੇ ਭਾਜਪਾ ਸਰਕਾਰ ’ਤੇ ਕਿਸਾਨਾਂ ਨਾਲ ਧੋਖਾਧੜੀ ਕਰਨ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਕਿਸਾਨਾਂ ਨਾਲ ਝੋਨੇ ਦੀ ਖਰੀਦ ਵਿੱਚ ਵੱਡਾ ਧੋਖਾ ਕੀਤਾ ਗਿਆ ਹੈ, ਕਿਉਂਕਿ ਸਰਕਾਰ ਨੇ ਆਪਣੇ ਵਾਅਦੇ ਤੋਂ ਮੁਕਰਦਿਆਂ ਉਨ੍ਹਾਂ ਦੀ ਫਸਲ ਦੀ ਪੂਰੀ ਕੀਮਤ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਝੋਨੇ ਦਾ ਭਾਅ 3100 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰੀ ਕੀਮਤ 2389 ਰੁਪਏ ਤੈਅ ਕੀਤੀ ਗਈ ਅਤੇ ਨਮੀ ਦੇ ਨਾਂ ’ਤੇ ਕਟੌਤੀ ਕਰਕੇ ਅਸਲ ਵਿੱਚ ਖਰੀਦ ਸਿਰਫ਼ 2100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਗਈ। ਇਸ ਨਾਲ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਲਗਭਗ 1000 ਰੁਪਏ ਦਾ ਸਿੱਧਾ ਨੁਕਸਾਨ ਹੋਇਆ ਹੈ, ਜੋ ਕਿ ਉਨ੍ਹਾਂ ਦੀ ਮਿਹਨਤ ਦੀ ਕਮਾਈ ’ਤੇ ਸਿੱਧਾ ਡਾਕਾ ਹੈ।
ਇਸ ਮੌਕੇ ਜਗਾਧਰੀ ਦੇ ਵਿਧਾਇਕ ਅਕਰਮ ਖਾਨ, ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਦੇਵੇਂਦਰ ਸਿੰਘ, ਜ਼ਿਲ੍ਹਾ ਦਿਹਾਤੀ ਪ੍ਰਧਾਨ ਨਰਪਾਲ ਸਿੰਘ ਗੁੱਜਰ, ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਤਿਆਗੀ, ਸਤੀਸ਼ ਤੇਜਲੀ, ਅਤੇ ਰਾਦੌਰ ਤੋਂ ਸਾਬਕਾ ਕਾਂਗਰਸ ਉਮੀਦਵਾਰ ਸੁਰੇਸ਼ ਕੁਮਾਰ ਢਾਂਡਾ ਸਮੇਤ ਕਈ ਹੋਰ ਕਾਂਗਰਸੀ ਆਗੂ ਮੌਜੂਦ ਸਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਸੁਰਜੇਵਾਲਾ ਨੇ ਗੰਨੇ ਦੀ ਕੀਮਤ ਵਿੱਚ ਸਿਰਫ਼ 15 ਰੁਪਏ ਦੇ ਵਾਧੇ ਨੂੰ ਕਿਸਾਨਾਂ ਨਾਲ ਇੱਕ ਕੋਝਾ ਮਜ਼ਾਕ ਕਰਾਰ ਦਿੱਤਾ। ਉਨ੍ਹਾਂ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੀਟਨਾਸ਼ਕਾਂ, ਡੀਜ਼ਲ, ਟਰਾਂਸਪੋਰਟ ਅਤੇ ਕਟਾਈ ਦੀਆਂ ਵਧੀਆਂ ਕੀਮਤਾਂ ਨੂੰ ਦੇਖਦਿਆਂ ਗੰਨੇ ਦਾ ਭਾਅ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ ਹੈ, ਤਾਂ ਹੀ ਕਿਸਾਨ ਆਪਣੀ ਲਾਗਤ ਪੂਰੀ ਕਰ ਸਕੇਗਾ। ਉਨ੍ਹਾਂ ਯਾਦ ਦਿਵਾਇਆ ਕਿ ਜਦੋਂ ਕਾਂਗਰਸ ਨੇ ਸੱਤਾ ਛੱਡੀ ਸੀ ਤਾਂ ਗੰਨੇ ਦਾ ਭਾਅ 320 ਰੁਪਏ ਸੀ, ਪਰ ਭਾਜਪਾ ਸਰਕਾਰ ਨੇ 11 ਸਾਲਾਂ ਵਿੱਚ ਸਿਰਫ਼ 95 ਰੁਪਏ ਦਾ ਵਾਧਾ ਕੀਤਾ ਹੈ, ਜਦੋਂ ਕਿ ਮਹਿੰਗਾਈ ਕਈ ਗੁਣਾ ਵਧ ਗਈ ਹੈ।

