ਬਲਦ ਅਤੇ ਰੇਹੜੇ ਸਣੇ ਨਦੀ ’ਚ ਰੁੜਿਆ ਕਿਸਾਨ
ਲਾਲੜੂ ਪਿੰਡ ਨੇੜਿਓ ਲੰਘਦੀ ਬਰਸਾਤੀ ਝਰਮਲ ਨਦੀ ਦੇ ਵਹਾਅ ਲਪੇਟ ਵਿੱਚ ਆ ਜਾਣ ਕਾਰਨ ਇੱਕ 65 ਸਾਲਾ ਵਿਅਕਤੀ, ਜੋ ਆਪਣੇ ਪਸ਼ੂਆਂ ਲਈ ਕੱਖ ਲੈਣ ਬਲਦ ਤੇ ਰੇਹੜਾ ਲੈ ਕੇ ਖੇਤਾਂ ਵਿੱਚ ਗਿਆ ਸੀ, ਨਦੀ ਦੇ ਤੇਜ਼ ਰਫਤਾਰ ਪਾਣੀ ਵਿੱਚ ਰੁੜ ਗਿਆ। ਪਰਿਵਾਰ ਵਾਲੇ ਉਸਦੀ ਭਾਲ ਕਰ ਰਹੇ ਹਨ ਅਤੇ ਪੁਲੀਸ ਅਧਿਕਾਰੀ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ।
ਜਾਣਕਾਰੀ ਮੁਤਾਬਕ ਜਨਕ ਸਿੰਘ ਸੈਣੀ ਉਮਰ 65 ਸਾਲ ਪੁੱਤਰ ਮੁਥਰਾ ਰਾਮ ਸੈਣੀ ਵਾਸੀ ਪਿੰਡ ਲਾਲੜੂ ਜੋ ਅੱਜ ਸਵੇਰੇ ਬਲਦ ਤੇ ਰੇਹੜਾ ਲੈ ਕੇ ਨਦੀ ਪਾਰ ਆਪਣੇ ਖੇਤਾਂ ਵਿੱਚ ਪਸ਼ੂਆਂ ਲਈ ਘਾਹ ਲੈਣ ਗਿਆ ਸੀ ਪਰ ਜਦੋਂ ਵਾਪਸ ਆ ਰਿਹਾ ਸੀ ਤਾਂ ਅਚਾਨਕ ਝਰਮਲ ਨਦੀ ਵਿੱਚ ਤੇਜ਼ ਵਹਾਅ ਵਿੱਚ ਉਸਦਾ ਰੇਹੜਾ ਤੇ ਬਲਦ ਪਲਟ ਗਏ ਅਤੇ ਉਹ ਤੇਜ ਰਫਤਾਰ ਪਾਣੀ ਦੇ ਵਹਾ ਵਿੱਚ ਹੜ ਗਿਆ।
ਇਸ ਦੀ ਸੂਚਨਾ ਨੇੜੇ ਹੀ ਕੰਮ ਕਰਦੇ ਕੁਝ ਕਿਸਾਨਾਂ ਨੇ ਉਸਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ । ਪਰਿਵਾਰ ਵਾਸੀਆਂ ਨੇ ਰੇਹੜਾ ਤੇ ਬਲਦ ਪਾਣੀ ਵਿੱਚੋਂ ਕੱਢਿਆ, ਜਦਕਿ ਜਨਕ ਸਿੰਘ ਸੈਣੀ ਬਾਰੇ ਕੋਈ ਪਤਾ ਨਹੀਂ ਲੱਗਾ । ਇਸ ਸਬੰਧੀ ਪਰਿਵਾਰ ਨੇ ਸਥਾਨਕ ਪੁਲੀਸ ਅਤੇ ਤਹਿਸੀਲਦਾਰ ਡੇਰਾਬਸੀ ਨੂੰ ਵੀ ਜਾਣਕਾਰੀ ਦਿੱਤੀ ਹੈ।
ਥਾਣਾ ਮੁਖੀ ਲਾਲੜੂ ਇੰਸਪੈਕਟਰ ਰਣਬੀਰ ਸਿੰਘ ਅਤੇ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਸੀਨੀਅਰ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।