ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਸਬੰਧੀ ਜੀਂਦ ’ਚ ਸਮਾਗਮ
ਨਾਗਰਿਕ ਹਸਪਤਾਲ ’ਚ ਜ਼ਿਲ੍ਹਾ ਪੱਧਰੀ ਸਮਾਗਮ; ਡਿਪਟੀ ਕਮਿਸ਼ਨਰ ਤੇ ਹੋਰਾਂ ਨੇ ਕੀਤੀ ਸ਼ਿਰਕਤ
ਹਰਿਆਣਾ ਸਰਕਾਰ ਵੱਲੋਂ ਪੰਡਿਤ ਦੀਨ ਦਿਆਲ ਉਪਾਧਿਆਏ ਦੀ ਜੈਅੰਤੀ ਮੋਕੇ ‘ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ’ ਤਹਿਤ ਮੋਬਾਈਲ ‘ਐਪ’ ਲਾਂਚ ਕਰਨ ਸਬੰਧੀ ਇੱਥੇ ਨਾਗਰਿਕ ਹਸਪਤਾਲ ਵਿੱਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਸਿਹਤ ਵਿਭਾਗ ਵੱਲੋਂ ਸਿਹਤਮੰਦ ਨਾਰੀ ਸ਼ਕਤੀ ਪਰਿਵਾਰ ਅਭਿਆਨ ਦੇ ਤਹਿਤ ਪ੍ਰਦਰਸ਼ਨੀ ਲਗਾਈ ਗਈ ਅਤੇ ਮਹਿਲਾਵਾਂ ਨੇ ਵਿਸ਼ੇਸ ਕੈਂਪ ਵਿੱਚ ਅਪਣੀ ਸਿਹਤ ਦੀ ਜਾਂਚ ਕਰਵਾਈ। ਨਾਗਰਿਕ ਹਸਪਤਾਲ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਇੱਥੇ ਸੂਬਾ ਪੱਧਰੀ ਪ੍ਰੋਗਰਾਮ ਦਾ ਲਾਈਵ ਪ੍ਰਸਾਰਨ ਵੀ ਕੀਤਾ ਗਿਆ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਭਾਸ਼ਣ ਵੀ ਪ੍ਰਸਾਰਿਤ ਕੀਤਾ ਗਿਆ।
ਮੁੱਖ ਮਹਿਮਾਨਾਂ ਨੇ ਸਿਹਤ ਵਿਭਾਗ ਵੱਲੋਂ ਲਗਾਈ ਪ੍ਰਦਰਸ਼ਨੀ ਦਾ ਦੌਰਾ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ, ਡਿਪਟੀ ਸਪੀਕਾਰ ਡਾ. ਕ੍ਰਿਸ਼ਨ ਮਿੱਢਾ ਦੇ ਪਤੀਨਿਧ ਰਾਜਨ ਚਿਲਾਨਾ, ਵਧੀਕ ਡਿਪਟੀ ਕਮਿਸ਼ਨਰ ਵਿਵੇਕ ਆਰੀਆ, ਐੱਸ ਡੀ ਐੱਮ ਸਤਿਆਵਾਨ ਸਿੰਘ ਮਾਨ, ਸਿਹਤ ਸੇਵਾਵਾਂ ਦੇ ਨਿਦੇਸ਼ਕ ਡਾ. ਅਨਿਲ ਬਿਡਲਾ, ਡੀ ਸੀ ਦੀ ਪਤਨੀ ਡਾ. ਸਦਾਫ ਮਜ਼ੀਦ ਅਤੇ ਸਿਵਲ ਸਰਜਨ ਡਾ. ਸੁਮਨ ਕੋਹਲੀ ਆਦਿ ਮੌਜੂਦ ਸਨ। ਇਸ ਮੌਕੇ ਡੀ ਸੀ ਨੇ ਦੱਸਿਆ ਕਿ ਦੀਨ ਦਿਆਲ ਲਾਡੋ ਯੋਜਨਾ ਤਹਿਤ ਯੋਗ ਮਹਿਲਾ ਪਾਤਰਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਮਿਲਣਗੇ। ਯੋਗ ਔਰਤਾਂ ਦੀ ਆਮਦਨ ਇੱਕ ਲੱਖ ਰੁਪਏ ਪ੍ਰਤੀ ਸਾਲਾਨਾ ਤੋਂ ਵੱਧ ਨਾ ਹੋਵੇ ਅਤੇ ਉਨ੍ਹਾਂ ਦੇ ਪਰਿਵਾਰ ਹਰਿਆਣਾ ਦੇ ਸਥਾਈ ਨਿਵਾਸੀ ਹੋਣੇ ਚਾਹੀਦੇ ਹਨ ਜਾਂ ਪਿੱਛਲੇ 15 ਸਾਲਾਂ ਤੋਂ ਹਰਿਆਣਾ ਵਿੱਚ ਰਹਿ ਰਹੇ ਹੋਣ। 23 ਸਾਲ ਜਾਂ ਇਸ ਤੋਂ ਵੱਧ ਉਮਾਰ ਦੀਆਂ ਔਰਤਾਂ ਇਸ ਯੋਜਨਾ ਦਾ ਲਾਭ ਲੈ ਸਕਦੀਆਂ ਹਨ। ਯੋਜਨਾ ਦੀ ਵਧੇਰੇ ਜਾਣਕਾਰੀ ਲਈ ਇੱਕ ਹੈਲਪ ਲਾਈਨ ਨੰਬਰ 0172-4880500 ਦਿੱਤਾ ਗਿਆ ਹੈ। ਡਿਪਟੀ ਸਪੀਕਰ ਦੇ ਪ੍ਰਤੀਨਿਧ ਰਾਜਨ ਚਿਲਾਨਾ ਨੇ ਕਿਹਾ ਕਿ ਕੋਈ ਵੀ ਦੇਸ਼ ਜਾਂ ਰਾਜ ਉਦੋਂ ਹੀ ਮਹਾਨ ਬਣ ਸਕਦਾ ਹੈ, ਜਦੋਂ ਉੱਥੇ ਦੀਆਂ ਔਰਤਾਂ ਸਿੱਖਿਅਤ, ਆਰਥਿਕ ਤੌਰ ’ਤੇ ਮਜ਼ਬੂਤ ਅਤੇ ਸਾਰੀਆਂ ਸਤਿਕਾਰਯੋਗ ਹੋਣ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਕੇਂਦਰ ਅਤੇ ਸੂਬਾ ਸਰਕਾਰ ਵੱਖ-ਵੱਖ ਯੋਜਨਾਵਾਂ ਲਿਆ ਰਹੀਆਂ ਹਨ।