ਸੂਬੇ ’ਚ ਜਾਪਾਨੀ ਪ੍ਰਾਜੈਕਟਾਂ ਦੀ ਸਥਾਪਨਾ ਵਿਕਾਸ ਨੂੰ ਤੇਜ਼ ਕਰੇਗੀ: ਬੇਦੀ
ਕੈਬਨਿਟ ਮੰਤਰੀ ਵੱਲੋਂ ਕੌਮਾਂਤਰੀ ਜਾਟ ਧਰਮਸ਼ਾਲਾ ਦੇ ਕਾਨਫਰੰਸ ਹਾਲ ਦਾ ਉਦਘਾਟਨ
ਹਰਿਆਣਾ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸੂਬੇ ਵਿਚ ਜਾਪਾਨੀ ਪ੍ਰਾਜੈਕਟ ਲਿਆ ਕੇ ਹਰਿਆਣਾ ਦੇ ਵਿਕਾਸ ਲਈ ਨਵੇਂ ਸਿਸਟਮ ਸਥਾਪਿਤ ਕਰਨ ਲਈ ਕੰਮ ਕਰ ਰਹੇ ਹਨ। ਜਾਪਾਨ ਹਰਿਆਣਾ ਵਿਚ ਮਹੱਤਵਪੂਰਨ ਨਿਵੇਸ਼ ਕਰ ਰਿਹਾ ਹੈ। ਇਨਾਂ ਪ੍ਰਾਜੈਕਟਾਂ ਵਿੱਚ ਇਕ ਖਰਖੋਦਾ ਵਿੱਚ ਬਣਾਇਆ ਜਾਣ ਵਾਲਾ ਇਕ ਵੱਡਾ ਮਾਰੂਤੀ ਪਲਾਂਟ ਹੈ। ਇਸ ਨਾਲ ਹਰਿਆਣਾ ਦੇ ਉਦਯੋਗ ਵਿਚ ਇਕ ਨਵੀਂ ਕਰਾਂਤੀ ਆਵੇਗੀ। ਸੂਬੇ ਵਿੱਚ ਜਾਪਾਨੀ ਪ੍ਰਾਜੈਕਟਾਂ ਦੀ ਸਥਾਪਨਾ ਵਿਕਾਸ ਨੂੰ ਤੇਜ਼ ਕਰੇਗੀ ਤੇ ਸੂਬਾ ਨਵੀਆਂ ਉੱਚਾਈਆਂ ਛੂਹੇਗਾ। ਕੈਬਨਿਟ ਮੰਤਰੀ ਬੀਤੀ ਦੇਰ ਸ਼ਾਮ ਅੰਤਰਰਾਸ਼ਟਰੀ ਜਾਟ ਧਰਮਸ਼ਾਲਾ ਕੁਰੂਕਸ਼ੇਤਰ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਧਰਮਸ਼ਾਲਾ ਵਿੱਚ ਕਰਵਾਏ ਵਾਲਮੀਕਿ ਜੈਅੰਤੀ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਧਰਮਸ਼ਾਲਾ ਵਿੱਚ ਬਣੇ ਕਾਨਫਰੰਸ ਹਾਲ ਦਾ ਉਦਘਾਟਨ ਵੀ ਕੀਤਾ। ਉਨਾਂ ਕਿਹਾ ਕਿ ਚੋਣ ਕਮਿਸ਼ਨ ਨੇ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਤੇ ਸਰਕਾਰ ਨੇ ਉਨ੍ਹਾਂ ਨੂੰ ਬਿਹਾਰ ਵਿੱਚ ਪ੍ਰਚਾਰ ਕਰਨ ਦਾ ਕੰਮ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਬਿਹਾਰ ਵਿੱਚ ਪਹਿਲਾਂ ਵੀ ਐੱਨ ਡੀ ਏ ਸਰਕਾਰ ਨੇ ਅਗਵਾਈ ਕੀਤੀ ਹੈ ਤੇ ਭਵਿੱਖ ਵਿੱਚ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਅਕਤੂਬਰ ਨੂੰ ਸੋਨੀਪਤ ਵਿੱਚ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ, ਜੋ ਕਿ ਸੂਬਾ ਸਰਕਾਰ ਦੇ ਇਕ ਸਾਲ ਪੂਰਾ ਹੋਣ ਤੇ ਹੋਣਾ ਹੈ। ਉਨ੍ਹਾਂ ਨੇ ਵਾਲਮੀਕਿ ਜੈਅੰਤੀ ਦੀਆਂ ਸਾਰਿਆਂ ਨੂੰ ਆਪਣੀਆਂ ਸ਼ੁਭਕਾਮਨਵਾਂ ਦਿੱਤੀਆਂ। ਅੰਤਰਰਾਸ਼ਟਰੀ ਜਾਟ ਧਰਮਸ਼ਾਲਾ ਦੇ ਪ੍ਰਧਾਨ ਕ੍ਰਿਸ਼ਨਾ ਸ਼ਯੋਕਾ ਨੰਦ ਨੇ ਕਿਹਾ ਕਿ ਕੈਬਨਿਟ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਜਿਸ ਧਰਮਸ਼ਾਲਾ ਦੇ ਕਾਨਫਰੰਸ ਹਾਲ ਦਾ ਉਦਘਾਟਨ ਕੀਤਾ ਹੈ ਉਸ ਵਿਚ ਜਲਦ ਹੀ ਇਕ ਕੋਚਿੰਗ ਸੈਂਟਰ ਖੋਲ੍ਹਣ ਲਈ ਇਕ ਹਾਲ ਬਣਾਇਆ ਜਾਏਗਾ, ਜਿਸ ਵਿਚ ਲੋੜਵੰਦ ਬਚਿੱਆਂ ਲਈ ਵਿਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਕੋਚਿੰਗ ਦਾ ਪ੍ਰਬੰਧ ਕੀਤਾ ਜਾਏਗਾ। ਇਸ ਮੌਕੇ ਸੈਣੀ ਸਮਾਜ ਦੇ ਪ੍ਰਧਾਨ ਗੁਰਨਾਮ ਸੈਣੀ, ਜਾਟ ਧਰਮਸ਼ਾਲਾ ਦੇ ਜਨਰਲ ਸਕੱਤਰ ਹਰਕੇਸ਼ ਸਿੰਘ ਸਹਾਰਨ, ਮੀਤ ਪ੍ਰਧਾਨ ਬਨੀ ਸਿੰਘ ਢੁੱਲ, ਕੈਸ਼ੀਅਰ ਨਰਿੰਦਰ ਨੈਨ, ਹੁਸ਼ਿਆਰ ਸਿੰਘ, ਟੇਕ ਚੰਦ, ਪ੍ਰੋ ਭੀਮ ਸਿੰਘ ਸਹਾਰਨ,ਗੁਰਨਾਮ ਮੰਗੋਲੀ, ਰਾਜਿੰਦਰ ਸਿੰਘ ਆਦਿ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।