ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਡਲ ਟਾਊਨ ਵਿੱਚ ਖਾਲੀ ਪਲਾਟ ਲੋਕਾਂ ਲਈ ਬਣੇ ਮੁਸੀਬਤ

ਸਫ਼ਾਈ ਨਾ ਹੋਣ ਕਾਰਨ ਨੇਡ਼ਿਓਂ ਲੰਘਣਾ ਹੋਇਆ ਮੁਸ਼ਕਲ; ਬਰਸਾਤੀ ਮੌਸਮ ਵਿੱਚ ਬਿਮਾਰੀਆਂ ਫੈ਼ਲਣ ਦਾ ਖ਼ਦਸ਼ਾ
ਯਮੁਨਾਨਗਰ ਦੇ ਮਾਡਲ ਟਾਊਨ ਵਿੱਚ ਉਜਾੜ ਖਾਲੀ ਪਲਾਟਾਂ ਵਿੱਚ ਪਿਆ ਕੂੜਾ ਅਤੇ ਉੱਿਗਆ ਘਾਹ ਫੂਸ।
Advertisement

ਸ਼ਹਿਰ ਦੇ ਮਾਡਲ ਟਾਊਨ ਖੇਤਰ ਵਿੱਚ ਲੰਬੇ ਸਮੇਂ ਤੋਂ ਖਾਲੀ ਪਏ ਪਲਾਟ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਰਹੇ ਹਨ । ਇੱਥੋਂ ਦੇ ਵਾਸੀ ਦਵਿੰਦਰ, ਸੁਰਜੀਤ, ਰੀਤਾ, ਜਸਵਿੰਦਰ, ਹਰਭਜਨ ਸਿੰਘ, ਅਨਿਲ, ਬੇਬੀ, ਹੈਪੀ, ਰਮੇਸ਼, ਸੁਨੀਲ, ਨੀਤੂ, ਗੋਲਡੀ ਅਤੇ ਹੋਰਾਂ ਦਾ ਕਹਿਣਾ ਹੈ ਕਿ ਇੱਕ ਸਮਾਂ ਸੀ ਜਦੋਂ ਮਾਡਲ ਟਾਊਨ ਦੂਜੇ ਲੋਕਾਂ ਲਈ ਇੱਕ ਰੋਲ ਮਾਡਲ ਹੁੰਦਾ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਆਮ ਲੋਕ ਇਸ ਦੀਆਂ ਉਦਾਹਰਣਾਂ ਦਿੰਦੇ ਸਨ। ਅੱਜ, ਪ੍ਰਭਾਵਸ਼ਾਲੀ ਲੋਕਾਂ ਨੇ ਨਗਰ ਨਿਗਮ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਉਸਾਰੀ ਦਾ ਕੰਮ ਇਸ ਤਰ੍ਹਾਂ ਕੀਤਾ ਹੈ ਕਿ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਘੱਟ ਰੇਟਾਂ ‘ਤੇ ਖਰੀਦੇ ਗਏ ਪਲਾਟਾਂ ਨੂੰ ਮਹਿੰਗੇ ਭਾਅ ’ਤੇ ਵੇਚਣ ਦੀ ਇੱਛਾ ਵਿੱਚ, ਮਾਲਕ ਕਦੇ ਵੀ ਸਾਲਾਂ ਤੋਂ ਉਜਾੜ ਪਏ ਪਲਾਟਾਂ ਦੀ ਸਫਾਈ ਕਰਨ ਨਹੀਂ ਆਉਂਦੇ, ਜਿਸ ਕਾਰਨ ਇਨ੍ਹਾਂ ਪਲਾਟਾਂ ਵਿੱਚ ਉੱਗ ਰਹੀਆਂ ਜੰਗਲੀ ਜੜ੍ਹੀਆਂ ਬੂਟੀਆਂ ਵੱਡੇ ਰੁੱਖਾਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਜੰਗਲ ਦਾ ਰੂਪ ਧਾਰਨ ਕਰ ਚੁੱਕੇ ਇਨ੍ਹਾਂ ਦਰੱਖਤਾਂ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਪਹੁੰਚ ਗਈਆਂ ਹਨ ਅਤੇ ਬਰਸਾਤ ਦੇ ਦਿਨਾਂ ਵਿੱਚ ਇਨ੍ਹਾਂ ਦਾ ਪਾਣੀ ਅੰਦਰ ਜਾ ਕੇ ਉਨ੍ਹਾਂ ਦੇ ਘਰਾਂ ਨੂੰ ਖੋਖਲਾ ਕਰ ਰਿਹਾ ਹੈ । ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚ ਲਗਾਤਾਰ ਤਰੇੜਾਂ ਆ ਰਹੀਆਂ ਹਨ । ਵਾਰਡ ਦੇ ਕੁਝ ਲੋਕਾਂ ਨੇ ਇਨ੍ਹਾਂ ਪਲਾਟਾਂ ਤੋਂ ਜ਼ਹਿਰੀਲੇ ਕੀੜੇ, ਸੱਪ, ਜੋਕਾਂ ਅਤੇ ਹੋਰ ਸੱਪ ਸਪੋਲੀਏ ਉਨ੍ਹਾਂ ਦੇ ਘਰਾਂ ਵਿੱਚ ਆਉਣ ਦੀ ਵੀ ਸ਼ਿਕਾਇਤ ਕੀਤੀ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਵੀਰਾਨ ਪਲਾਟਾਂ ਵਿੱਚ ਜਮ੍ਹਾਂ ਹੋਏ ਬਦਬੂਦਾਰ ਪਾਣੀ ਕਾਰਨ ਰਾਹਗੀਰਾਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਹੈ । ਲੋਕਾਂ ਨੇ ਦੱਸਿਆ ਕਿ ਜਦੋਂ ਉਹ ਪਲਾਟ ਮਾਲਕਾਂ ਨੂੰ ਪਲਾਟ ਸਾਫ਼ ਕਰਵਾਉਣ ਲਈ ਫੋਨ ਕਰਦੇ ਹਨ ਤਾਂ ਉਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਤਾਂ ਕੋਈ ਪਲਾਟ ਨਹੀਂ ਹੈ। ਲੋਕਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਖਾਲੀ ਪਲਾਟਾਂ ਦੇ ਮਾਲਕਾਂ ਦੀ ਪਛਾਣ ਕੀਤੀ ਜਾਵੇ।

ਨਿਗਮ ਵੱਲੋਂ ਸਖ਼ਤ ਕਾਰਵਾਈ ਕਰਾਂਗੇ: ਮੇਅਰ

ਇਸ ਦੌਰਾਨ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਅਪਣੇ ਘਰਾਂ ਦੇ ਆਲੇ ਦੁਆਲੇ ਜ਼ਹਿਰੀਲੇ ਪੌਦੇ ਪੈਦਾ ਨਾ ਹੋਣ ਦੇਣ, ਲੋਕਾਂ ਨੂੰ ਜਾਗਰੂਕ ਕਰਨ ਅਤੇ ਦੂਜਿਆਂ ਨੂੰ ਮਿਸਾਲ ਪੈਦਾ ਕਰਨ। ਦੂਜੇ ਪਾਸੇ ਮੇਅਰ ਸੁਮਨ ਬਾਹਮਣੀ ਦਾ ਕਹਿਣਾ ਹੈ ਕਿ ਨਿਰੀਖਣ ਦੇ ਦੌਰਾਨ ਵੇਖਿਆ ਗਿਆ ਹੈ ਕਿ ਕੁੱਝ ਸਮੱਸਿਆਵਾਂ ਲਈ ਸ਼ਹਿਰਵਾਸੀ ਆਪ ਜ਼ਿੰਮੇਵਾਰ ਹਨ । ਜਿੱਥੇ ਕੁੱਝ ਲੋਕਾਂ ਨੇ ਨਾਲਿਆਂ ’ਤੇ ਕਬਜ਼ੇ ਕੀਤੇ ਹੋਏ ਹਨ, ਉੱਥੇ ਖਾਲੀ ਪਲਾਟਾਂ ਦੇ ਮਾਲਕ ਆਪ ਧਿਆਨ ਨਹੀਂ ਦੇ ਰਹੇ ਜਿਸ ਦੇ ਚਲਦਿਆਂ ਦੇਰ ਸਵੇਰ ਕੁੱਝ ਲੋਕ ਘਰਾਂ ਦਾ ਕੂੜਾ ਇਨ੍ਹਾਂ ਪਲਾਟਾਂ ਵਿੱਚ ਸੁੱਟ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਾਲੀ ਪਲਾਟਾਂ ਦੇ ਮਾਲਕਾਂ ਨੂੰ ਆਪਣੀ ਪ੍ਰਾਪਰਟੀ ਦੀ ਆਈਡੀ ਬਣਾਉਣ ਲਈ ਕਿਹਾ ਗਿਆ ਹੈ, ਜੇ ਲੋਕਾਂ ਨੇ ਨਿਗਮ ਦੀ ਅਪੀਲ ’ਤੇ ਸੁਣਵਾਈ ਨਾ ਕੀਤੀ ਤਾਂ ਨਿਗਮ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement