ਸਿਖਲਾਈ ਕੈਂਪ ਦੌਰਾਨ ਬੀਐੱਲਓ ਐਪ ਵਰਤਣ ’ਤੇ ਜ਼ੋਰ
ਫਰਿੰਦਰ ਪਾਲ ਗੁਲਿਆਣੀ
ਨਰਾਇਣਗੜ੍ਹ ਵਿਧਾਨ ਸਭਾ ਹਲਕੇ ਦੇ ਬੂਥ ਲੈਵਲ ਅਫਸਰਾਂ (ਬੀਐਲਓਜ਼) ਲਈ ਸਿਖਲਾਈ ਕੈਂਪ ਲਗਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਵਿਧਾਨ ਸਭਾ ਹਲਕਾ ਦੇ ਚੋਣ ਰਜਿਸਟ੍ਰੇਸ਼ਨ ਅਫ਼ਸਰ ਅਤੇ ਐੱਸਡੀਐਮ ਸ਼ਿਵਜੀਤ ਭਾਰਤੀ ਨੇ ਕੀਤੀ। ਸਿਖਲਾਈ ਦੌਰਾਨ ਬੀਐੱਲਓਜ਼ ਨੂੰ ਉਨ੍ਹਾਂ ਦੇ ਫਰਜ਼ਾਂ, ਜ਼ਿੰਮੇਵਾਰੀਆਂ ਅਤੇ ਆਧੁਨਿਕ ਤਕਨੀਕੀ ਸਰੋਤਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਗਈ।
ਐੱਸਡੀਐੱਮ ਨੇ ਬੀਐਲਓਜ਼ ਨੂੰ ਕਿਹਾ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਨ। ਉਨ੍ਹਾਂ ਕਿਹਾ ਕਿ ਬੀਐੱਲਓ ਦੀ ਮੁੱਖ ਜ਼ਿੰਮੇਵਾਰੀ ਇਹ ਯਕੀਨੀ ਬਣਾਉਣਾ ਹੈ ਕਿ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਸਾਰੇ ਯੋਗ ਨੌਜਵਾਨਾਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ ਹੋਣ। ਉਨ੍ਹਾਂ ਕਿਹਾ ਕਿ ਬੀਐਲਓ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੋਈ ਵੀ ਯੋਗ ਵੋਟਰ ਲਿਸਟ ਤੋਂ ਵਾਂਝਾ ਨਾ ਰਹੇ। ਉਨ੍ਹਾਂ ਬੀਐੱਲਓ ਐਪ ਦੀ ਵਰਤੋਂ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਸਿਖਲਾਈ ਦੌਰਾਨ, ਬੀਐੱਲਓਜ਼ ਦਾ ਟੈਸਟ ਵੀ ਲਿਆ ਗਿਆ। ਸੁਪਰਵਾਈਜ਼ਰ ਸੁਰੇਸ਼ ਕੁਮਾਰ ਸ਼ਰਮਾ ਨੇ ਬੀਐੱਲਓਜ਼ ਨੂੰ ਉਨ੍ਹਾਂ ਦੇ ਕੰਮ, ਵੋਟਰ ਸੂਚੀ ਨੂੰ ਅਪਡੇਟ ਕਰਨ, ਵੋਟਰ ਆਈ.ਡੀ. ਕਾਰਡ, ਬੀਐੱਲਓ ਐਪ ਦੇ ਕੰਮਕਾਜ ਅਤੇ ਪੀਪੀਟੀ ਰਾਹੀਂ ਵੋਟਰ ਜਾਗਰੂਕਤਾ ਮੁਹਿੰਮਾਂ ਬਾਰੇਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਬੀਐੱਲਓ ਐਪ ਰਾਹੀਂ ਫਾਰਮ ਦੀ ਪ੍ਰਕਿਰਿਆ ਤੇਜ਼ ਅਤੇ ਪਾਰਦਰਸ਼ੀ ਹੋ ਜਾਂਦੀ ਹੈ, ਜਿਸ ਨਾਲ ਵੋਟਰ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ। ਇਸ ਮੌਕੇ ਚੋਣ ਦਫ਼ਤਰ ਤੋਂ ਸਰਤਾਜ ਅਤੇ ਨੀਲਮ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਨਰਾਇਣਗੜ੍ਹ ਦੇ 219 ਬੂਥਾਂ ਦੇ ਬੀਐੱਲਓਜ਼ ਲਈ ਪੜਾਅਵਾਰ ਸਿਖਲਾਈ ਕਰਵਾਈ ਜਾ ਰਹੀ ਹੈ, ਹੁਣ ਤੱਕ ਬੂਥ ਨੰਬਰ 1 ਤੋਂ 150 ਦੇ ਬੀਐੱਲਓਜ਼ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਅੱਜ 151 ਤੋਂ 219 ਤੱਕ ਦੇ ਬੀਐਲਓਜ਼ ਨੂੰ ਸਿਖਲਾਈ ਦਿੱਤੀ ਗਈ।