ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਵੋਟਾਂ ਦੀ ਸੁਧਾਈ (ਐੱਸ ਐੱਸ ਆਰ) ਲਈ ਕਾਂਗਰਸ ਪੂਰੀ ਤਰ੍ਹਾਂ ਤਿਆਰ ਹੈ। ਪਾਰਟੀ ਨੇ ਸੂਬੇ ਵਿੱਚ ਵੋਟਾਂ ਕੱਟਣ ਅਤੇ ਜਾਅਲੀ ਵੋਟਾਂ ਬਣਨ ਤੋਂ ਰੋਕਣ ਲਈ ਬੀ ਐੱਲ ਏ-2 (ਬੂਥ ਲੈਵਲ ਏਜੰਟ) ਨਿਯੁਕਤ ਕਰ ਦਿੱਤੇ ਹਨ, ਜੋ ਹਰ ਵੋਟ ’ਤੇ ਬਾਰੀਕੀ ਨਾਲ ਨਜ਼ਰ ਰੱਖਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਹੁੱਡਾ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਵੋਟਾਂ ਵਿੱਚ ਹੁੰਦੀ ਗੜਬੜੀ ਬਾਰੇ ਹਰਿਆਣਾ ਦੀ ਤਸਵੀਰ ਸਾਫ਼ ਕਰ ਦਿੱਤੀ ਹੈ। ਕਾਂਗਰਸ ਇਸ ਗੱਲ ਨੂੰ ਯਕੀਨੀ ਬਣਾ ਰਹੀ ਹੈ ਕਿ ਭਵਿੱਖ ਵਿੱਚ ਵੋਟਾਂ ਦੀ ਚੋਰੀ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਈ ਵੀ ਐੱਮ ਦੀ ਥਾਂ ਬੈਲਟ ਪੇਪਰ ਨਾਲ ਚੋਣ ਕਰਵਾਉਣ ਦੇ ਹੱਕ ਵਿੱਚ ਹੈ ਅਤੇ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਚੋਣ ਕਮਿਸ਼ਨ ਪੂਰੀ ਤਰ੍ਹਾਂ ਨਿਰਪੱਖ ਹੁੰਦਾ ਸੀ ਅਤੇ ਉਸ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਨਹੀਂ ਬਖ਼ਸ਼ਿਆ ਸੀ ਪਰ ਅੱਜ ਚੋਣ ਕਮਿਸ਼ਨ ਕੇਂਦਰ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ। ਹਰਿਆਣਾ ਦੇ ਹਾਲਾਤ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਸਕੂਲਾਂ ਵਿੱਚ ਅਧਿਆਪਕ, ਹਸਪਤਾਲਾਂ ਵਿੱਚ ਡਾਕਟਰ ਅਤੇ ਥਾਣਿਆਂ ਵਿੱਚ ਸਿਪਾਹੀ ਨਹੀਂ ਹਨ। ਸੂਬੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਅਤੇ ਅਮਨ-ਕਾਨੂੰਨ ਦਾ ਜਨਾਜ਼ਾ ਨਿਕਲ ਚੁੱਕਾ ਹੈ। ਹਰ ਰੋਜ਼ ਚੋਰੀ, ਡਕੈਤੀ, ਕਤਲ ਅਤੇ ਫਿਰੌਤੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਸਫ਼ੀਦੋਂ ਤੋਂ ਭਾਜਪਾ ਵਿਧਾਇਕ ਰਾਮ ਕੁਮਾਰ ਵੱਲੋਂ ਕੀਤੀਆਂ ਜਾ ਰਹੀਆਂ ਟਿੱਪਣੀਆਂ ਬਾਰੇ ਹੁੱਡਾ ਨੇ ਕਿਹਾ ਕਿ ਉਹ ਬਹੁਤ ਬਜ਼ੁਰਗ ਵਿਅਕਤੀ ਹਨ, ਇਸ ਲਈ ਉਹ ਉਨ੍ਹਾਂ ਬਾਰੇ ਕੁਝ ਨਹੀਂ ਕਹਿਣਗੇ। ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਰਾਮ ਕੁਮਾਰ ਦਾ ਕੋਈ ਪੱਕਾ ਭਰੋਸਾ ਨਹੀਂ, ਉਹ ਕਦੇ ਕਿਧਰੇ ਹੁੰਦੇ ਹਨ ਤੇ ਕਦੇ ਕਿਧਰੇ। ਇਸ ਮੌਕੇ ਉਨ੍ਹਾਂ ਨਾਲ ਸੋਨੀਪਤ ਤੋਂ ਸੰਸਦ ਮੈਂਬਰ ਸਤਪਾਲ ਬ੍ਰਹਮਚਾਰੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਿਸ਼ੀਪਾਲ ਹੈਬਤਪੁਰ, ਸਾਬਕਾ ਵਿਧਾਇਕ ਸੁਭਾਸ਼ ਗੰਗੋਲੀ, ਰਾਜੂ ਲਖੀਨਾ ਅਤੇ ਦੀਪਕ ਪਿੰਡਾਰਾ ਆਦਿ ਹਾਜ਼ਰ ਸਨ।

