DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ ਵਿੱਚ ਚੋਣ ਅਖਾੜਾ ਭਖਿਆ

ਐੱਨ ਡੀ ਏ ਰਿਕਾਰਡ ਜਿੱਤ ਹਾਸਲ ਕਰੇਗਾ: ਮੋਦੀ

  • fb
  • twitter
  • whatsapp
  • whatsapp
featured-img featured-img
ਸਮਸਤੀਪੁਰ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿਧਾਨ ਸਭਾ ਚੋਣਾਂ ਲਈ ਅੱਜ ਸਮਸਤੀਪੁਰ ਤੇ ਬੇਗੂਸਰਾਏ ਜ਼ਿਲ੍ਹਿਆਂ ’ਚ ਰੈਲੀਆਂ ਕੀਤੀਆਂ ਅਤੇ ਚੋਣਾਂ ਵਿੱਚ ਐੱਨ ਡੀ ਏ ਦੀ ਰਿਕਾਰਡ ਜਿੱਤ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਵੋਟਰਾਂ ਨੂੰ ‘ਜ਼ਮਾਨਤ ’ਤੇ ਬਾਹਰ ਲੋਕਾਂ’ ਦੀ ਅਗਵਾਈ ਹੇਠਲੇ ਵਿਰੋਧੀ ਆਰ ਜੇ ਡੀ-ਕਾਂਗਰਸ ਗੱਠਜੋੜ ਨੂੰ ਦੂਰ ਰੱਖਣ ਦਾ ਸੱਦਾ ਦਿੱਤਾ।

ਸਮਸਤੀਪੁਰ ’ਚ ਪ੍ਰਧਾਨ ਮੰਤਰੀ ਦੀ ਰੈਲੀ ’ਚ ਐੱਨ ਡੀ ਏ ਦੇ ਸਾਰੇ ਸਹਿਯੋਗੀ ਹਾਜ਼ਰ ਸਨ ਜਿੱਥੇ ਉਨ੍ਹਾਂ ਕਾਂਗਰਸ ਵਰਕਰਾਂ ਵੱਲੋਂ ਰਾਹੁਲ ਗਾਂਧੀ ਲਈ ‘ਜਨ ਨਾਇਕ’ ਸ਼ਬਦ ਵਰਤੇ ਜਾਣ ’ਤੇ ਵੀ ਇਤਰਾਜ਼ ਜ਼ਾਹਿਰ ਕੀਤਾ। ‘ਜਨ ਨਾਇਕ’ ਮੁੱਖ ਤੌਰ ’ਤੇ ਭਾਰਤ ਰਤਨ ਕਰਪੂਰੀ ਠਾਕੁਰ ਨਾਲ ਜੁੜਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਕਰਪੂਰੀ ਠਾਕੁਰ ਦੇ ਜੱਦੀ ਪਿੰਡ ਦਾ ਵੀ ਦੌਰਾ ਕੀਤਾ। ਪ੍ਰਧਾਨ ਮੰਤਰੀ ਨੇ ਨੌਜਵਾਨ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਅਕਤੂਬਰ 2005 ’ਚ ਤੁਹਾਡੇ ਮਾਪਿਆਂ ਨੇ ‘ਜੰਗਲ ਰਾਜ’ (ਆਰ ਜੇ ਡੀ-ਕਾਂਗਰਸ ਦੀ ਸੱਤਾ) ਖਤਮ ਕੀਤਾ ਸੀ। ਠੀਕ 20 ਸਾਲ ਮਗਰੋਂ ਹੁਣ ਤੁਹਾਡੇ ਮੋਢਿਆਂ ’ਤੇ ਚੰਗੇ ਸ਼ਾਸਨ ਦੇ ਹੱਕ ’ਚ ਵੋਟ ਪਾ ਕੇ ਖੁਸ਼ਹਾਲੀ ਲਿਆਉਣ ਦੀ ਵੱਡੀ ਜ਼ਿੰਮੇਵਾਰੀ ਹੈ।’’ ਮੋਦੀ ਨੇ ਇਹ ਵੀ ਕਿਹਾ ਕਿ ਐੱਨ ਡੀ ਏ ਵੱਲੋਂ ਬਿਹਾਰ ਵਿਧਾਨ ਸਭਾ ਚੋਣਾਂ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਲੜੀਆਂ ਜਾ ਰਹੀਆਂ ਹਨ। ਗੁਜਰਾਤ, ਮੱਧ ਪ੍ਰਦੇਸ਼, ਹਰਿਆਣਾ ਤੇ ਮਹਾਰਾਸ਼ਟਰ ’ਚ ਮੁੜ ਸੱਤਾ ’ਚੋਂ ਆਉਣ ਮਗਰੋਂ ਐੱਨ ਡੀ ਏ ਬਿਹਾਰ ’ਚ ਵੀ ਵੱਡੀ ਜਿੱਤ ਦਰਜ ਕਰੇਗਾ। ਪ੍ਰਧਾਨ ਮੰਤਰੀ ਨੇ ਇੰਡੀਆ ਬਲਾਕ ਨੂੰ ‘ਮਹਾਗਠਜੋੜ’ ਦੀ ਥਾਂ ‘ਮਹਾਲੱਠਜੋੜ’ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਆਰ ਜੇ ਡੀ ਤੇ ਕਾਂਗਰਸ ਦੇ ਆਗੂ ‘ਸਭ ਤੋਂ ਭ੍ਰਿਸ਼ਟ ਤੇ ਜ਼ਮਾਨਤ ’ਤੇ ਬਾਹਰ’ ਹਨ।

Advertisement

ਲੋਕ 14 ਨੂੰ ਮਨਾਉਣਗੇ ਅਸਲ ਦੀਵਾਲੀ: ਸ਼ਾਹ

ਸਿਵਾਨ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਬਿਹਾਰ ਦੇ ਲੋਕ 14 ਨਵੰਬਰ ਨੂੰ ‘ਅਸਲੀ ਦੀਵਾਲੀ’ ਮਨਾਉਣਗੇ ਜਦੋਂ ਆਰ ਜੇ ਡੀ ਤੇ ਉਸ ਦੇ ਭਾਈਵਾਲਾਂ ਨੂੰ ਵਿਧਾਨ ਸਭਾ ਚੋਣਾਂ ’ਚ ਕਰਾਰੀ ਹਾਰ ਮਿਲੇਗੀ। ਸਿਵਾਨ ਜ਼ਿਲ੍ਹੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਗੈਂਗਸਟਰ ਤੋਂ ਨੇਤਾ ਬਣੇ ਮੁਹੰਮਦ ਸ਼ਹਾਬੂਦੀਨ ਦੇ ਪੁੱਤਰ ਉਸਾਮਾ ਸ਼ਾਹਾਬ ਨੂੰ ਟਿਕਟ ਦੇਣ ਲਈ ਲਾਲੂ ਯਾਦਵ ਦੀ ਪਾਰਟੀ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘‘ਲੋਕ ਯਕੀਨੀ ਬਣਾਉਣ ਕਿ ਰਘੂਨਾਥਪੁਰ ਸੀਟ ਤੋਂ ਸ਼ਹਾਬੂਦੀਨ ਦੇ ਪੁੱਤਰ ਨੂੰ ਹਾਰ ਦਾ ਸਾਹਮਣਾ ਕਰਨਾ ਪਵੇ।’’ -ਪੀਟੀਆਈ

Advertisement

ਆਰ ਜੇ ਡੀ ਨਾਲ ਹੱਥ ਮਿਲਾਉਣਾ ਗ਼ਲਤੀ ਸੀ: ਨਿਤੀਸ਼

ਸਮਸਤੀਪੁਰ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀ ਮਦਦ ਨਾਲ ਬਿਹਾਰ ਲਗਾਤਾਰ ਤਰੱਕੀ ਕਰ ਰਿਹਾ ਹੈ ਤੇ ਉਨ੍ਹਾਂ ਲੋਕਾਂ ਨੂੰ ਐੱਨ ਡੀ ਏ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਆਰ ਜੇ ਡੀ ਮੁਖੀ ਲਾਲੂ ਪ੍ਰਸਾਦ ਦਾ ਨਾਂ ਲਏ ਬਿਨਾਂ ਉਨ੍ਹਾਂ ’ਤੇ ਸੂਬੇ ’ਚ ਮਾੜਾ ਪ੍ਰਬੰਧ ਚਲਾਉਣ ਅਤੇ ਅਹੁਦਾ ਛੱਡਣ ਸਮੇਂ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਮੈਂ ਉਨ੍ਹਾਂ ਦੀ ਪਾਰਟੀ ਨਾਲ ਸੰਖੇਪ ਗੱਠਜੋੜ ਕੀਤਾ ਸੀ ਪਰ ਬਾਅਦ ਵਿੱਚ ਅਹਿਸਾਸ ਹੋਇਆ ਕਿ ਇਹ ਗ਼ਲਤੀ ਸੀ।’ -ਪੀਟੀਆਈ

ਬਿਹਾਰ ਨੂੰ ਕੰਟਰੋਲ ਕਰ ਰਹੇ ਨੇ ਦੋ ਗੁਜਰਾਤੀ: ਤੇਜਸਵੀ

ਪਟਨਾ: ਆਰ ਜੇ ਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਭਾਜਪਾ ਨੇ ਹਾਈਜੈਕ ਕਰ ਲਿਆ ਹੈ ਅਤੇ ਗੁਜਰਾਤ ਦੇ ਦੋ ਬੰਦੇ (ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲ ਇਸ਼ਾਰਾ) ਬਿਹਾਰ ਨੂੰ ‘ਕੰਟਰੋਲ’ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜੇ ਡੀ ਯੂ ਦੀ ਅਗਵਾਈ ਹੇਠ ਐੱਨ ਡੀ ਏ ਦੇ 20 ਸਾਲ ਦੇ ਸ਼ਾਸਨ ਦੇ ਬਾਵਜੂਦ ਬਿਹਾਰ ਹਾਲੇ ਵੀ ‘ਗਰੀਬ’ ਸੂਬਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਹਾਕਮ ਗੱਠਜੋੜ ਮੁੜ ਸੱਤਾ ’ਚ ਆਉਂਦਾ ਹੈ ਤਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਮੁੜ ਮੁੱਖ ਮੰਤਰੀ ਨਹੀਂ ਬਣਾਇਆ ਜਾਵੇਗਾ। ‘ਇੰਡੀਆ’ ਗੱਠਜੋੜ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਤੇਜਸਵੀ ਯਾਦਵ ਨੇ ਕੇਂਦਰ ’ਤੇ ਸੂਬੇ ਵਿੱਚ ਭ੍ਰਿਸ਼ਟ ਆਗੂਆਂ ਤੇ ਅਪਰਾਧੀਆਂ ਨੂੰ ਬਚਾਉਣ ਦਾ ਦੋਸ਼ ਲਾਇਆ।

ਸਹਿਸਰਾ ਜ਼ਿਲ੍ਹੇ ਦੇ ਸਿਮਰੀ ਬਖਤਿਆਰਪੁਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਤੇਜਸਵੀ ਯਾਦਵ ਨੇ ਦਾਅਵਾ ਕੀਤਾ, ‘‘ਅਮਿਤ ਸ਼ਾਹ ਨੇ ਸਪੱਸ਼ਟ ਕੀਤਾ ਹੈ ਕਿ ਚੁਣੇ ਹੋਏ ਵਿਧਾਇਕ ਹੀ ਚੋਣਾਂ ਮਗਰੋਂ ਬਿਹਾਰ ਦੇ ਮੁੱਖ ਮੰਤਰੀ ਬਾਰੇ ਫ਼ੈਸਲਾ ਕਰਨਗੇ। ਜੇ ਐੱਨ ਡੀ ਏ ਮੁੜ ਸੱਤਾ ’ਚ ਆਇਆ ਤਾਂ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਵੇਗਾ।’’ ਦਰਭੰਗਾ ਜ਼ਿਲ੍ਹੇ ਦੇ ਕਿਓਟੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ, ‘‘ਸਾਡੇ ਚਾਚਾ (ਨਿਤੀਸ਼ ਕੁਮਾਰ) ਦੇ ਕੰਟਰੋਲ ਹੇਠ ਕੁਝ ਵੀ ਨਹੀਂ। ਉਨ੍ਹਾਂ ਨੂੰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਹਾਈਜੈਕ ਕਰ ਲਿਆ ਹੈ ਜੋ ਬਿਹਾਰ ਨੂੰ ਬਾਹਰੋਂ ਚਲਾ ਰਹੇ ਹਨ।’’ ਆਰ ਜੇ ਡੀ ਆਗੂ ਨੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ’ਚ ‘ਬਾਹਰੀ’ (ਬਾਹਰ ਵਾਲਿਆਂ) ਦੀ ਥਾਂ ‘ਬਿਹਾਰੀ’ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਵਾਅਦਾ ਕੀਤਾ ਕਿ ਜੇ ਵਿਰੋਧੀ ਗੱਠਜੋੜ ਸੂਬੇ ’ਚ ਸੱਤਾ ਵਿੱਚ ਆਇਆ ਤਾਂ ਜਨਤਾ ਨੂੰ ਸਾਫ-ਸੁਥਰੀ ਸਰਕਾਰ ਦਿੱਤੀ ਜਾਵੇਗੀ, ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਸੁਣੇਗੀ ਅਤੇ ਉਨ੍ਹਾਂ ਨੂੰ ਕਿਫਾਇਤੀ ਦਵਾਈਆਂ ਤੇ ਨੌਕਰੀਆਂ ਵੀ ਮੁਹੱਈਆ ਕਰੇਗੀ। -ਪੀਟੀਆਈ

ਜਨ ਸੰਘ ਨੇ ਡੇਗੀ ਸੀ ਕਰਪੂਰੀ ਸਰਕਾਰ: ਕਾਂਗਰਸ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਮਾਜਵਾਦੀ ਆਗੂ ਕਰਪੂਰੀ ਠਾਕੁਰ ਦੀ ਜਨਮ ਭੂਮੀ ਕਰਪੂਰੀਗ੍ਰਾਮ ਦਾ ਦੌਰਾ ਕੀਤੇ ਜਾਣ ਦੇ ਮੱਦੇਨਜ਼ਰ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਪੁੱਛਿਆ ਕਿ ਕੀ ਇਹ ਤੱਥ ਨਹੀਂ ਹੈ ਕਿ ਅਪਰੈਲ 1979 ’ਚ ਜਨ ਸੰਘ ਨੇ ਬਿਹਾਰ ’ਚ ਠਾਕੁਰ ਦੀ ਅਗਵਾਈ ਹੇਠੀ ਸਰਕਾਰ ਡੇਗ ਦਿੱਤੀ ਸੀ, ਜਦੋਂ ਤਤਕਾਲੀ ਮੁੱਖ ਮੰਤਰੀ ਨੇ ਓ ਬੀ ਸੀ ਲਈ ਰਾਖਵਾਂਕਰਨ ਬਿੱਲ ਪੇਸ਼ ਕੀਤਾ ਸੀ? ਵਿਰੋਧੀ ਧਿਰ ਨੇ ਇਹ ਵੀ ਪੁੱਛਿਆ: ਕੀ ਇਹ ਸੱਚ ਨਹੀਂ ਕਿ ਪ੍ਰਧਾਨ ਮੰਤਰੀ ਤੇ ਸੂਬੇ ’ਚ ਉਨ੍ਹਾਂ ਦੀ ਸਰਕਾਰ ਨੇ ਸੰਵਿਧਾਨ ਤਹਿਤ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ, ਓ ਬੀ ਸੀ ਤੇ ਅਤਿ ਪੱਛੜਿਆਂ ਲਈ ਬਿਹਾਰ ਦੇ 65 ਫੀਸਦ ਰਾਖਵਾਂਕਰਨ ਕਾਨੂੰਨ ਦੀ ਰਾਖੀ ਲਈ ਕੁਝ ਨਹੀਂ ਕੀਤਾ? ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਇਹ ਤੱਥ ਨਹੀਂ ਕਿ ਜਨ ਸੰਘ (ਜਿਸ ’ਚੋਂ ਭਾਜਪਾ ਨਿਕਲੀ) ਨੇ ਅਪਰੈਲ 1979 ’ਚ ਬਿਹਾਰ ’ਚ ਕਰਪੂਰੀ ਠਾਕੁਰ ਜੀ ਦੀ ਸਰਕਾਰ ਡੇਗ ਦਿੱਤੀ ਸੀ ਜਦੋਂ ਤਤਕਾਲੀ ਮੁੱਖ ਮੰਤਰੀ ਨੇ ਓ ਬੀ ਸੀ ਲਈ ਰਾਖਵਾਂਕਰਨ ਲਾਗੂ ਕੀਤਾ ਸੀ? ਕੀ ਇਹ ਸੱਚ ਨਹੀਂ ਕਿ ਕਰਪੂਰੀ ਠਾਕੁਰ ਜੀ ਨੂੰ ਉਸ ਸਮੇਂ ਆਰ ਐੱਸ ਐੱਸ ਤੇ ਜਨ ਸੰਘ ਦੇ ਆਗੂਆਂ ਨੇ ਬਹੁਤ ਬੁਰਾ ਭਲਾ ਕਿਹਾ ਸੀ? -ਪੀਟੀਆਈ

Advertisement
×